- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਨਿਹਾਲ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਬਿਲਾਸਪੁਰ : ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਸਤਿਕਾਰਯੋਗ ਮਾਤਾ ਵਿੱਦਿਆ ਕੌਰ ਨਮਿਤ ਬਿਲਾਸਪੁਰ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰੀਬ 2 ਹਜ਼ਾਰ ਬੂਟੇ ਸੰਗਤਾਂ ਨੂੰ ਵੰਡੇ ਗਏ। ਇਹ ਉਪਰਾਲਾ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਪਹਿਲਕਦਮੀ ਰਾਹੀਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਮਾਤਾ ਵਿੱਦਿਆ ਕੌਰ ਧਾਰਮਿਕ ਵਿਚਾਰਾਂ, ਸਾਦਗੀ ਅਤੇ ਕੁਦਰਤ ਪ੍ਰਤੀ ਪਿਆਰ ਰੱਖਣ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦੀ ਯਾਦ ਵਿਚ ਬੂਟੇ ਵੰਡਣ ਦਾ ਉਪਰਾਲਾ ਉਨ੍ਹਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਛੜੀ ਰੂਹ ਦੀ ਯਾਦ ਨੂੰ ਲੋਕ ਭਲਾਈ ਅਤੇ ਕੁਦਰਤ ਦੀ ਸੇਵਾ ਨਾਲ ਜੋੜਨਾ ਇਕ ਅਜਿਹਾ ਉਪਰਾਲਾ ਹੈ, ਜਿਸ ਦਾ ਲਾਭ ਲੰਮੇ ਸਮੇਂ ਤੱਕ ਸਮਾਜ ਨੂੰ ਮਿਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਇਹ ਨਾ ਸਿਰਫ਼ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਂਦੇ ਹਨ, ਸਗੋਂ ਹਵਾ ਨੂੰ ਸ਼ੁੱਧ ਕਰਨ, ਵਧਦੇ ਤਾਪਮਾਨ ਦੇ ਪ੍ਰਭਾਵ ਨੂੰ ਘਟਾਉਣ ਅਤੇ ਕੁਦਰਤੀ ਸੰਤੁਲਨ ਬਣਾਈ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜੋਕੇ ਸਮੇਂ ਵਿਚ ਵਧ ਰਹੇ ਪ੍ਰਦੂਸ਼ਣ ਅਤੇ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਲੋੜ ਪਹਿਲਾਂ ਨਾਲੋਂ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਪਾਣੀ ਦੇਣਾ, ਪਸ਼ੂਆਂ ਤੋਂ ਬਚਾਉਣਾ ਅਤੇ ਵੱਡੇ ਹੋਣ ਤੱਕ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਹਰੇਕ ਵਿਅਕਤੀ ਆਪਣੇ ਜੀਵਨ ਵਿਚ ਕੁਝ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਲਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਹਰਿਆ-ਭਰਿਆ ਵਾਤਾਵਰਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਵਿੱਦਿਆ ਕੌਰ ਦੀ ਯਾਦ ਵਿਚ ਵੰਡੇ ਗਏ ਇਹ ਬੂਟੇ ਲੋਕਾਂ ਨੂੰ ਕੁਦਰਤ ਨਾਲ ਜੁੜਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦੇਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਸੰਗਤਾਂ ਇੰਨ੍ਹਾਂ ਬੂਟਿਆਂ ਨੂੰ ਆਪਣੇ ਘਰਾਂ, ਖੇਤਾਂ ਅਤੇ ਆਲੇ-ਦੁਆਲੇ ਢੁੱਕਵੀਆਂ ਥਾਵਾਂ ’ਤੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨਗੀਆਂ। ਇਸ ਤਰ੍ਹਾਂ ਇਹ ਬੂਟੇ ਸਮੇਂ ਦੇ ਨਾਲ ਵੱਡੇ ਹੋ ਕੇ ਮਾਤਾ ਵਿੱਦਿਆ ਕੌਰ ਦੀ ਯਾਦ ਨੂੰ ਸਦੀਵੀਂ ਬਣਾਉਣ ਦੇ ਨਾਲ-ਨਾਲ ਸਮਾਜ ਲਈ ਵੀ ਲਾਭਕਾਰੀ ਸਾਬਤ ਹੋਣਗੇ।