ਬੇਰਹਿਮੀ ਦੀ ਹੱਦ: ਬੰਦ ਕੈਂਟਰ 'ਚੋਂ ਮਿਲੀਆਂ 15 ਗਊਆਂ, ਦਮ ਘੁੱਟਣ ਨਾਲ 2 ਨੇ ਤੋੜਿਆ ਦਮ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਜਾਣਕਾਰੀ ਅਨੁਸਾਰ ਪਿੰਡ ਬੁੱਘੀਪੁਰਾ ’ਚ ਪਿਛਲੇ ਚਾਰ ਦਿਨਾਂ ਤੋਂ ਇੱਕ ਕੈਂਟਰ ਸੜਕ ਦੇ ਕੰਢੇ ਖੜ੍ਹਾ ਸੀ। ਪਹਿਲਾਂ ਪਿੰਡ ਵਾਸੀਆਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਕੈਂਟਰ ’ਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਇੱਥੇ ਖੜ੍ਹਾ ਕੀਤਾ ਗਿਆ ਹੋਵੇ ਪਰ ਲੰਬੇ ਸਮੇਂ ਤੱਕ ਕੈਂਟਰ ਦੇ ਉੱਥੇ ਹੀ ਖੜ੍ਹੇ ਰਹਿਣ ਕਾਰਨ ਲੋਕਾਂ ਨੂੰ ਸ਼ੱਕ ਹੋਣ ਲੱਗਾ।
Publish Date: Tue, 08 Sep 2026 10:05 AM (IST)
Updated Date: Tue, 08 Sep 2026 10:09 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ। ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਵਿਖੇ ਪਿਛਲੇ ਚਾਰ ਦਿਨਾਂ ਤੋਂ ਸੜਕ ਕਿਨਾਰੇ ਖੜ੍ਹੇ ਇੱਕ ਕੈਂਟਰ ਨੇ ਉਸ ਸਮੇਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ, ਜਦੋਂ ਇਸ ਦੀ ਜਾਂਚ ਦੌਰਾਨ ਅੰਦਰੋਂ 15 ਗਊਆਂ ਬਰਾਮਦ ਹੋਈਆਂ। ਇਨ੍ਹਾਂ ’ਚੋਂ ਦੋ ਗਊਆਂ ਮ੍ਰਿਤਕ ਹਾਲਤ ’ਚ ਮਿਲਣ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਿੰਡ ਬੁੱਘੀਪੁਰਾ ’ਚ ਪਿਛਲੇ ਚਾਰ ਦਿਨਾਂ ਤੋਂ ਇੱਕ ਕੈਂਟਰ ਸੜਕ ਦੇ ਕੰਢੇ ਖੜ੍ਹਾ ਸੀ। ਪਹਿਲਾਂ ਪਿੰਡ ਵਾਸੀਆਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਕੈਂਟਰ ’ਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਇੱਥੇ ਖੜ੍ਹਾ ਕੀਤਾ ਗਿਆ ਹੋਵੇ ਪਰ ਲੰਬੇ ਸਮੇਂ ਤੱਕ ਕੈਂਟਰ ਦੇ ਉੱਥੇ ਹੀ ਖੜ੍ਹੇ ਰਹਿਣ ਕਾਰਨ ਲੋਕਾਂ ਨੂੰ ਸ਼ੱਕ ਹੋਣ ਲੱਗਾ।
ਇਸ ਦੌਰਾਨ ਜਦੋਂ ਪਿੰਡ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ 112 ਨੰਬਰ ’ਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ 112 ਨੰਬਰ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਕੈਂਟਰ ਦੀ ਜਾਂਚ ਕੀਤੀ।
ਪੁਲਿਸ ਦੀ ਜਾਂਚ ਦੌਰਾਨ ਕੈਂਟਰ ਦੇ ਅੰਦਰ ਕੁੱਲ 15 ਗਊਆਂ ਲੱਦੀਆਂ ਹੋਈਆਂ ਮਿਲੀਆਂ। ਇਨ੍ਹਾਂ ’ਚੋਂ ਦੋ ਗਊਆਂ ਮ੍ਰਿਤਕ ਹਾਲਤ ’ਚ ਪਾਈਆਂ ਗਈਆਂ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਦੀ ਸੂਚਨਾ ਥਾਣਾ ਮਹਿਣਾ ਪੁਲਿਸ ਨੂੰ ਦਿੱਤੀ ਗਈ।
ਥਾਣਾ ਮਹਿਣਾ ਦੇ ਐੱਸ.ਆਈ. ਨਛੱਤਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਕੈਂਟਰ ਦੀ ਵਿਸਥਾਰ ਨਾਲ ਜਾਂਚ ਕੀਤੀ। ਘਟਨਾ ਦੀ ਜਾਣਕਾਰੀ ਇਲਾਕੇ ’ਚ ਫੈਲਣ ਤੋਂ ਬਾਅਦ ਪਿੰਡ ਵਾਸੀਆਂ ਤੋਂ ਇਲਾਵਾ ਸਮਾਜ ਸੇਵੀ ਅਤੇ ਹਿੰਦੂ ਜਥੇਬੰਦੀਆਂ ਦੇ ਆਗੂ ਵੀ ਮੌਕੇ ’ਤੇ ਪਹੁੰਚ ਗਏ।
ਸਮਾਜ ਸੇਵੀ ਗਗਨ ਨੋਰੀਆ ਨੇ ਦੱਸਿਆ ਕਿ ਕੈਂਟਰ ’ਚੋਂ ਬਰਾਮਦ ਹੋਈਆਂ ਗਊਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣ ਲਈ ਤੁਰੰਤ ਪ੍ਰਬੰਧ ਕੀਤੇ ਗਏ। ਇਸ ਤੋਂ ਬਾਅਦ ਗਊਆਂ ਨੂੰ ਮੋਗਾ ਵਿਖੇ ਸਥਿਤ ਗਊਸ਼ਾਲਾ ਵਿੱਚ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਕੇਂਦਰ ਇਹ ਪਤਾ ਲਗਾਉਣਾ ਹੈ ਕਿ ਕੈਂਟਰ ਕਿੰਨੇ ਸਮੇਂ ਤੋਂ ਬੁੱਘੀਪੁਰਾ ’ਚ ਖੜ੍ਹਾ ਸੀ, ਇਸ ਵਿੱਚ ਲੱਦੀਆਂ ਗਊਆਂ ਨੂੰ ਕਿੱਥੋਂ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਦੋ ਗਊਆਂ ਦੀ ਮੌਤ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਨੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੀ ਸਚੇਤਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ ਸਿਰ ਪੁਲਿਸ ਨੂੰ ਸੂਚਿਤ ਕਰਨ ਕਾਰਨ ਮਾਮਲਾ ਸਾਹਮਣੇ ਆ ਸਕਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।