ਬਕਾਏ ਦੇ ਬਿੱਲ ਖ਼ਜ਼ਾਨਾ ਦਫ਼ਤਰ ਭੇਜਣ ਲਈ ਤਹਿਸੀਲਦਾਰਾਂ ਨੂੰ ਨੋਟਿਸ ਰਿਟਾ ਇਰਡ ਰੈਵੀਨਿਊ ਕਾਨੂੰਨਗੋ,
Publish Date: Sun, 06 Sep 2026 03:35 PM (IST)
Updated Date: Sun, 06 Sep 2026 03:37 PM (IST)
16 ਸਤੰਬਰ ਤੱਕ ਬਿੱਲ ਤਿਆਰ ਨਾ ਹੋਏ ਤਾਂ ਦਿੱਤੀ ਰੋਸ ਧਰਨੇ ਦੀ ਚਿਤਾਵਨੀ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਰਿਟਾਇਰਡ ਰੈਵੀਨਿਊ ਕਾਨੂੰਨਗੋ, ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ ਰਿਟਾਇਰਡ ਮੁਲਾਜ਼ਮਾਂ ਨੂੰ ਮਿਲਣ ਵਾਲੇ ਬਕਾਏ ਦੀ ਅਦਾਇਗੀ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਦਾ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਕਾਇਆ ਅਜੇ ਤੱਕ ਪੂਰੀ ਤਰ੍ਹਾਂ ਜਾਰੀ ਨਹੀਂ ਹੋਇਆ। ਉਨ੍ਹਾਂ ਅਨੁਸਾਰ ਇਹ ਬਕਾਇਆ ਰਿਟਾਇਰਡ ਮੁਲਾਜ਼ਮਾਂ ਨੂੰ ਅਪ੍ਰੈਲ ਦੀ ਪੈਨਸ਼ਨ ਤੋਂ ਲੈ ਕੇ ਹਰ ਮਹੀਨੇ ਦੀ ਪੈਨਸ਼ਨ ਨਾਲ ਮਿਲਣਾ ਸੀ, ਪਰ ਜ਼ਿਲ੍ਹੇ ਦੇ ਸਬੰਧਤ ਤਹਿਸੀਲਦਾਰਾਂ ਵੱਲੋਂ ਬਕਾਏ ਦੇ ਬਿੱਲ ਤਿਆਰ ਕਰਕੇ ਖ਼ਜ਼ਾਨਾ ਦਫ਼ਤਰ ਨੂੰ ਨਹੀਂ ਭੇਜੇ ਗਏ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ 17 ਅਗਸਤ ਨੂੰ ਪ੍ਰੈੱਸ ਨੋਟ ਜਾਰੀ ਕਰਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ। ਉਸ ਸਮੇਂ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਅਗਸਤ ਦੀ ਪੈਨਸ਼ਨ ਨਾਲ ਬਕਾਇਆ ਰਕਮ ਖਾਤਿਆਂ ਵਿੱਚ ਨਾ ਪਾਈ ਗਈ ਤਾਂ ਸਬੰਧਤ ਤਹਿਸੀਲਦਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਮੈਂਬਰਾਂ ਦੀ ਸਹਿਮਤੀ ਨਾਲ ਤਹਿਸੀਲਦਾਰਾਂ ਨੂੰ ਇਕ ਵਾਰ ਫਿਰ 10 ਦਿਨ ਦਾ ਲਿਖ਼ਤੀ ਨੋਟਿਸ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਤਹਿਤ 16 ਸਤੰਬਰ ਤੱਕ ਬਕਾਏ ਦੇ ਬਿੱਲ ਤਿਆਰ ਕਰਕੇ ਖ਼ਜ਼ਾਨਾ ਦਫ਼ਤਰ ਭੇਜਣ ਲਈ ਕਿਹਾ ਗਿਆ ਹੈ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਬਿੱਲ ਤਿਆਰ ਕਰਕੇ ਨਹੀਂ ਭੇਜੇ ਗਏ ਤਾਂ ਤਹਿਸੀਲਦਾਰਾਂ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਜ਼ਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਐਸੋਸੀਏਸ਼ਨ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਸਬੰਧੀ ਬਲਵਿੰਦਰ ਸਿੰਘ ਪੁਰਬਾ ਕਾਨੂੰਨਗੋ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ 15 ਸਤੰਬਰ ਤੱਕ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਪਿਛਲੀ ਮੀਟਿੰਗ ਤੋਂ ਲਗਾਤਾਰ ਗੈਰਹਾਜ਼ਰ ਰਹਿਣ ਵਾਲੇ ਸਰਜੀਤ ਸਿੰਘ ਕਾਨੂੰਨਗੋ, ਰਵੀ ਕੁਮਾਰ ਕਾਨੂੰਨਗੋ, ਬਲਦੇਵ ਸਿੰਘ ਨਾਇਬ ਤਹਿਸੀਲਦਾਰ, ਹਰਨੇਕ ਸਿੰਘ, ਲਖਵਿੰਦਰ ਸਿੰਘ, ਮੱਖਣ ਸਿੰਘ, ਬਲਦੇਵ ਕੁਮਾਰ ਅਤੇ ਜਰਨੈਲ ਸਿੰਘ ਪਟਵਾਰੀਆਂ ਨੂੰ ਐਸੋਸੀਏਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਮੈਂਬਰ ਜਸਵੰਤ ਸਿੰਘ ਸੂਬੇਦਾਰ ਨੇ ਨਿੱਜੀ ਤੌਰ ’ਤੇ ਜ਼ਿੰਮੇਵਾਰੀ ਲੈਂਦਿਆਂ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਉਹ 10 ਦਿਨਾਂ ਦੇ ਅੰਦਰ ਤਹਿਸੀਲਦਾਰ ਮੋਗਾ ਨਾਲ ਤਾਲਮੇਲ ਕਰਕੇ ਰਿਟਾਇਰਡ ਮੁਲਾਜ਼ਮਾਂ ਦੇ ਬਕਾਏ ਸਬੰਧੀ ਕੰਮ ਕਰਵਾਉਣ ਲਈ ਯਤਨ ਕਰਨਗੇ। ਮੀਟਿੰਗ ਵਿਚ ਜਨਰਲ ਸਕੱਤਰ ਗੁਰਮੇਲ ਸਿੰਘ ਗੌਂਦਾਰਾ, ਸਹਾਇਕ ਸਕੱਤਰ ਲਖਵੀਰ ਸਿੰਘ, ਖ਼ਜ਼ਾਨਚੀ ਗੁਰਮੇਲ ਸਿੰਘ, ਸਹਾਇਕ ਖ਼ਜ਼ਾਨਚੀ ਸੁਖਦੇਵ ਸਿੰਘ ਖੋਸਾ, ਸੀਨੀਅਰ ਮੀਤ ਪ੍ਰਧਾਨ ਰਤਨ ਸਿੰਘ ਗਿੱਲ ਤੇ ਗੁਰਦੋਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰ, ਪਟਵਾਰੀ, ਕਾਨੂੰਨਗੋ ਅਤੇ ਸੇਵਾਮੁਕਤ ਕਰਮਚਾਰੀ ਹਾਜ਼ਰ ਸਨ। ਮੀਟਿੰਗ ਸਬੰਧੀ ਜਾਣਕਾਰੀ ਪ੍ਰੈੱਸ ਸਕੱਤਰ ਕੇਵਲ ਸਿੰਘ ਵੱਲੋਂ ਦਿੱਤੀ ਗਈ।