ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਚਲਾਉਣ ਵਾਲੇ ਨੌਜਵਾਨ ਪੁਲਿਸ ਅੜਿੱਕੇ ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ
Publish Date: Sun, 01 Nov 2026 06:19 PM (IST)
Updated Date: Sun, 01 Nov 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਕਲੀ ਨੋਟ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰੇਟਾ ਕੈਂਚੀਆਂ ਦੇ ਕਈ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਨੌਜਵਾਨ ਛੋਟੀ-ਮੋਟੀ ਖ਼ਰੀਦਦਾਰੀ ਕਰਕੇ ਪੰਜ ਸੌ ਰੁਪਏ ਦਾ ਨੋਟ ਦਿੰਦੇ ਸਨ ਤੇ ਬਾਕੀ ਪੈਸੇ ਵਾਪਸ ਲੈ ਕੇ ਚਲਾ ਜਾਂਦੇ ਹਨ। ਬਾਅਦ ਵਿਚ ਜਦੋਂ ਦੁਕਾਨਦਾਰਾਂ ਨੇ ਨੋਟਾਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲੇ। ਇਸ ਤੋਂ ਬਾਅਦ ਦੁਕਾਨਦਾਰਾਂ ਵਿੱਚ ਰੋਸ ਅਤੇ ਚਿੰਤਾ ਪਾਈ ਜਾ ਰਹੀ ਸੀ। ਸ਼ਿਕਾਇਤਾਂ ਮਿਲਣ ਮਗਰੋਂ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ਵਿਚ ਨਿਗਰਾਨੀ ਵਧਾ ਦਿੱਤੀ। ਸੀਸੀਟੀਵੀ ਫੁਟੇਜ ਤੇ ਮੁਖਬਰਾਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਉਨਾ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਸੰਦੀਪ ਕੁਮਾਰ ਵਾਸੀ ਬਰੇਟਾ ਅਤੇ ਮਾਲੀ ਸਿੰਘ ਵਾਸੀ ਅਕਬਰਪੁਰ ਖੁਡਾਲ ਕੋਲੋਂ ਪੰਜ ਸੌ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 189 ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਕਲੀ ਨੋਟ ਕਿੱਥੋਂ ਆਏ, ਕੀ ਇਸ ਗਿਰੋਹ ਵਿਚ ਹੋਰ ਲੋਕ ਵੀ ਸ਼ਾਮਲ ਹਨ ਤੇ ਹੁਣ ਤੱਕ ਕਿੰਨੇ ਦੁਕਾਨਦਾਰਾਂ ਨਾਲ ਠੱਗੀ ਹੋਈ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋ ਸਕਦੇ ਹਨ। ਪੁਲਿਸ ਨੇ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਸਕਰ ਪੰਜ ਸੌ ਤੇ ਵੱਡੇ ਮੁੱਲ ਦੇ ਨੋਟ ਲੈਣ ਸਮੇਂ ਚੌਕਸ ਰਹਿਣ ਤੇ ਨੋਟ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਵਾਟਰਮਾਰਕ, ਸੁਰੱਖਿਆ ਧਾਗਾ ਤੇ ਛਪਾਈ ਦੀ ਜਾਂਚ ਜ਼ਰੂਰ ਕਰਨ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਨਕਲੀ ਨੋਟ ਸੰਬੰਧੀ ਤੁਰੰਤ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਜਾਵੇ।