- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰੇ ਵਾਰਡ ਨੰਬਰ ਛੇ ਦੇ ਨੇੜੇ ਘੱਗਰ ਦਰਿਆ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਵੇਰੇ ਵਾਰਡ ਨੰਬਰ. 6 ਦੇ ਨੇੜੇ ਘੱਗਰ ਦਰਿਆ ਦੇ ਕੰਢੇ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਭੇਦ ਭਰੇ ਹਾਲਾਤਾਂ ’ਚ ਪਈ ਮਿਲੀ, ਜਿਸ ਦਾ ਪਤਾ ਲੱਗਣ ‘ਤੇ ਉਸ ਦੇ ਭਰਾ ਖੁਦਾਬਖਸ਼ ਵੱਲੋਂ ਮ੍ਰਿਤਕ ਦੇਹ ਨੂੰ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਹਸਪਤਾਲ ਦੇ ਰਿਕਾਰਡ ਅਨੁਸਾਰ ਮ੍ਰਿਤਕ ਦੀ ਪਹਿਚਾਣ ਮੁਕੱਦਰ ਸਿੰਘ ਪੁੱਤਰ ਨਛੱਤਰ ਸਿੰਘ ਉਮਰ ਲਗਭਗ 32 ਸਾਲ ਵਾਸੀ ਵਾਰਡ ਨੰਬਰ: 5 ਦੱਸਿਆ ਗਿਆ। ਇਸ ਮੌਕੇ ਮੌਜੂਦ ਡਿਊਟੀ ਡਾਕਟਰ ਦੇ ਦੱਸਣ ਮੁਤਾਬਿਕ ਉਨ੍ਹਾਂ ਕੋਲੇ ਅੱਜ ਸਵੇਰੇ ਇੱਕ ਮ੍ਰਿਤਕ ਦੇਹ ਆਈ ਸੀ, ਜਿਸ ਨੂੰ ਪੁਲਿਸ ਪ੍ਰਸ਼ਾਸਨ ਦੇ ਕਹਿਣ ਤੇ ਬਠਿੰਡਾ ਦੇ ਏਮਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਜਦ ਨੌਜਵਾਨ ਦੀ ਮੌਤ ਸਬੰਧੀ ਡਿਊਟੀ ਡਾਕਟਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੋਰੈਂਸਿੰਕ ਲੈਬ ਵਾਲੇ ਹੀ ਕੁੱਝ ਦੱਸ ਸਕਦੇ ਹਨ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਭਾਵੇਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਸ਼ਹਿਰ ਵਿੱਚ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਚਰਚਾ ਵਿੱਚ ਹੈ। ਇਸ ਸਬੰਧੀ ਜਦ ਸੀਨੀਅਰ ਕਪਤਾਨ ਪੁਲਿਸ ਅਤੇ ਥਾਣਾ ਮੁਖੀ ਸਰਦੂਲਗੜ੍ਹ ਨਾਲ ਫ਼ੋਨ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।