ਡੀਏਵੀ ਸਕੂਲ ਦੀ ਵਿਦਿਆਰਥਣ ਯਸ਼ਮਿਤਾ ਸ਼ਰਮਾ ਨੇ ਜ਼ਿਲ੍ਹਾ ਪੱਧਰੀ ਕਵਿਤਾ ਗਾਇਨ ਮੁਕਾਬਲੇ ’ਚ ਹਾਸਲ ਕੀਤਾ ਪਹਿਲਾ ਸਥਾਨ ਜ਼ਿਲ੍ਹਾ ਭਾਸ਼ਾ ਦਫ਼ਤਰ, ਮਾਨਸਾ ਵੱਲੋਂ ਜ਼ਿਲ੍ਹਾ
Publish Date: Wed, 28 Oct 2026 04:21 PM (IST)
Updated Date: Wed, 28 Oct 2026 04:22 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿਚ ਐੱਸਡੀਕੇਐੱਲ ਡੀਏਵੀ ਪਬਲਿਕ ਸਕੂਲ, ਮਾਨਸਾ ਦੀ ਗਿਆਰ੍ਹਵੀਂ ਜਮਾਤ (ਆਰਟਸ) ਦੀ ਹੋਣਹਾਰ ਵਿਦਿਆਰਥਣ ਯਸ਼ਮਿਤਾ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਯਸ਼ਮਿਤਾ ਸ਼ਰਮਾ ਨੇ ਪ੍ਰਸਿੱਧ ਕਵੀ ਹਰਮਨਜੀਤ ਸਿੰਘ ਦੀ ਰਚਨਾ ‘ਕੁੜੀਆਂ ਕੇਸ ਵਾਹੁੰਦੀਆਂ ਨੇ’ (ਰਾਣੀ ਤੱਤ) ਨੂੰ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕਰਕੇ ਜੱਜਾਂ ਦਾ ਦਿਲ ਜਿੱਤ ਲਿਆ। ਉਸ ਦੀ ਸ਼ਾਨਦਾਰ ਪੇਸ਼ਕਾਰੀ ਲਈ ਉਸ ਨੂੰ ਪਹਿਲੇ ਸਥਾਨ ਦੇ ਨਾਲ 1,000 ਰੁਪਏ ਦੀ ਨਕਦ ਰਾਸ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਖੋਜ ਅਫ਼ਸਰ ਗੁਰਪ੍ਰੀਤ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਨਿਰੰਜਨ ਸਿੰਘ ਬੋਹਾ, ਦਰਸ਼ਨ ਬਰੇਟਾ, ਪ੍ਰਸਿੱਧ ਗੀਤਕਾਰ ਤੇ ਗਾਇਕ ਬਲਜਿੰਦਰ ਸੰਗੀਲਾ ਅਤੇ ਮਾਤਾ ਗੁਜਰੀ ਯੂਨੀਵਰਸਿਟੀ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਬਲਮ ਲਿੰਬਾ ਨੇ ਨਿਭਾਈ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕੀਤਾ। ਇਸ ਮੁਕਾਬਲੇ ਲਈ ਯਸ਼ਮਿਤਾ ਸ਼ਰਮਾ ਨੂੰ ਸਕੂਲ ਦੇ ਅਧਿਆਪਕ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵੱਲੋਂ ਤਿਆਰੀ ਕਰਵਾਈ ਗਈ। ਦੋਵਾਂ ਅਧਿਆਪਕਾਂ ਦੀ ਰਹਿਨੁਮਾਈ ਤੇ ਮਿਹਨਤ ਸਦਕਾ ਵਿਦਿਆਰਥਣ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਪੱਧਰ ’ਤੇ ਇਹ ਸ਼ਾਨਦਾਰ ਸਫ਼ਲਤਾ ਪ੍ਰਾਪਤ ਕਰਨ ਤੋਂ ਬਾਅਦ ਹੁਣ ਯਸ਼ਮਿਤਾ ਸ਼ਰਮਾ ਰਾਜ ਪੱਧਰੀ ਮੁਕਾਬਲੇ ਵਿਚ ਮਾਨਸਾ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗੀ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯਸ਼ਮਿਤਾ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਨਾਲ-ਨਾਲ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਪਣੀ ਕਲਾ ਅਤੇ ਹੁਨਰ ਨੂੰ ਅੱਗੇ ਲਿਆਉਣ ਲਈ ਪ੍ਰੇਰਿਤ ਕਰਦੀਆਂ ਹਨ।