ਅਣਢੱਕੀਆਂ ਮਿੱਟੀ ਵਾਲੀਆਂ ਟਰਾਲੀਆਂ ਤੋਂ ਲੋਕ ਪਰੇਸ਼ਾਨ
ਮਾਨਸਾ ਜ਼ਿਲ੍ਹੇ ਦੇ ਅੰਦਰ ਸੜਕ ਸੁਰੱਖਿਆ ਦੇ
Publish Date: Sat, 14 Feb 2026 06:35 PM (IST)
Updated Date: Sun, 15 Feb 2026 04:09 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ’ਚ ਸੜਕ ਸੁਰੱਖਿਆ ਦੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੁੰਦੀ ਨਜ਼ਰ ਆ ਰਹੀ ਹੈ। ਟ੍ਰੈਕਟਰ ਟ੍ਰਾਲੀ ਚਾਲਕ ਮਿੱਟੀ ਨਾਲ ਓਵਰਲੋਡ ਟਰਾਲੀਆਂ ਬਿਨਾਂ ਢੱਕੇ ਸੜਕਾਂ ‘ਤੇ ਦੌੜਾ ਰਹੇ ਹਨ। ਸ਼ਹਿਰ ਤੇ ਨੇੜਲੇ ਇਲਾਕਿਆਂ ’ਚ ਦਿਨ ਭਰ ਧੂੜ ਦੇ ਗੁਬਾਰੇ ਬਣਦੇ ਰਹਿੰਦੇ ਹਨ, ਜਿਸ ਨਾਲ ਨਾ ਸਿਰਫ਼ ਟ੍ਰੈਫ਼ਿਕ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਲੋਕਾਂ ਦੀ ਸਿਹਤ ਤੇ ਜਾਨ ਨੂੰ ਵੀ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਅਨੁਸਾਰ ਕਿ ਸੜਕਾਂ ’ਤੇ ਧੂੜ, ਅੱਖਾਂ ’ਚ ਜਲਨ, ਹਾਦਸਿਆਂ ਦਾ ਡਰ ਵੱਖ-ਵੱਖ ਮੁੱਖ ਸੜਕਾਂ ’ਤੇ ਰਿਹਾਇਸ਼ੀ ਇਲਾਕਿਆਂ ਵਿੱਚ ਮਿੱਟੀ ਦੀ ਪਰਤ ਜੰਮ ਰਹੀ ਹੈ। ਦੋਪਹੀਆ ਵਾਹਨ ਚਾਲਕਾਂ ਲਈ ਇਹ ਹਾਲਤ ਹੋਰ ਵੀ ਖ਼ਤਰਨਾਕ ਹੈ। ਧੂੜ ਅੱਖਾਂ ’ਚ ਜਾਣ ਨਾਲ ਦ੍ਰਿਸ਼ਟੀ ਧੁੰਦਲੀ ਹੋ ਜਾਂਦੀ ਹੈ ਅਤੇ ਸੰਤੁਲਨ ਖ਼ਰਾਬ ਹੋਣ ਨਾਲ ਟੱਕਰ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ। ਸਕੂਲ ਜਾਣ ਵਾਲੇ ਬੱਚੇ, ਬਜ਼ੁਰਗ ਅਤੇ ਪੈਦਲ ਰਾਹਗੀਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਮਾਨਸਾ ਦੇ ਬਸ਼ਿੰਦੇ ਕਹਿੰਦੇ ਹਨ ਕਿ ਮੋਟਰ ਵਾਹਨ ਕਾਨੂੰਨ ਅਨੁਸਾਰ ਓਵਰਲੋਡਿੰਗ ਤੇ ਬਿਨਾਂ ਢੱਕੇ ਸਾਮਾਨ ਲਿਜਾਣਾ ਦੰਡਨੀਆਂ ਅਪਰਾਧ ਹਨ। ਫ਼ਿਰ ਵੀ ਖੁੱਲ੍ਹੇਆਮ ਟਰਾਲੀਆਂ ਦਾ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਚੱਲਣਾ ਕਈ ਸਵਾਲ ਖੜ੍ਹੇ ਕਰਦਾ ਹੈ। ਲੋਕ ਕਹਿੰਦੇ ਹਨ ਕਿ ਸੰਬੰਧਤ ਵਿਭਾਗਾਂ ਵੱਲੋਂ ਨਿਯਮਿਤ ਨਾਕਾਬੰਦੀ ਤੇ ਚਲਾਨ ਮੁਹਿੰਮ ਕਿਉਂ ਨਹੀਂ ਚਲਾਈ ਜਾ ਰਹੀ। ਬਲਵਿੰਦਰ ਬਾਘਾ ਨੇ ਕਿਹਾ ਕਿ ਧੂੜ ਦੇ ਲਗਾਤਾਰ ਪ੍ਰਭਾਵ ਨਾਲ ਅੱਖਾਂ ਦੀ ਐਲਰਜੀ, ਸਾਂਹ ਦੀਆਂ ਸਮੱਸਿਆਵਾਂ ਤੇ ਚਮੜੀ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧਦਾ ਹੈ। ਡਾਕਟਰਾਂ ਅਨੁਸਾਰ ਇਸ ਤਰ੍ਹਾਂ ਦੀ ਹਵਾ ਪ੍ਰਦੂਸ਼ਣ ਲੰਬੇ ਸਮੇਂ ਵਿਚ ਗੰਭੀਰ ਨਤੀਜੇ ਦੇ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮਿੱਟੀ ਲਿਜਾਣ ਵਾਲੀਆਂ ਟਰਾਲੀਆਂ ਨੂੰ ਤਰਪਾਲ ਨਾਲ ਢੱਕਣਾ ਲਾਜ਼ਮੀ ਕੀਤਾ ਜਾਵੇ, ਓਵਰਲੋਡਿੰਗ ਵਾਹਨਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਸ਼ਹਿਰ ਵਿਚ ਨਿਯਮਿਤ ਟ੍ਰੈਫ਼ਿਕ ਚੈਕਿੰਗ ਤੇ ਨਾਕੇਬੰਦੀ ਹੋਵੇ, ਸੜਕਾਂ ਦੀ ਸਫ਼ਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।