ਸਿਵਲ ਹਸਪਤਾਲ ’ਚ ਵਿਸ਼ਵ ਟੀ.ਬੀ. ਦਿਵਸ ਮਨਾਇਆ
ਡਿਪਟੀ ਕਮਿਸ਼ਨਰ, ਨਵਜੋਤ ਕੌਰ ਆਈ.ਏ.ਐੱਸ.
Publish Date: Tue, 24 Mar 2026 07:13 PM (IST)
Updated Date: Wed, 25 Mar 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਰਾਸ਼ਟਰੀ ਪੱਧਰ 'ਤੇ 100 ਦਿਨਾਂ ਦੀ ਤੀਬਰ ਟੀ.ਬੀ. ਖ਼ਾਤਮਾ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਟੀ.ਬੀ. ਇੱਕ ਲਾਗ ਦੀ ਬਿਮਾਰੀ ਹੈ, ਜੋ ਮਨੁੱਖੀ ਸਰੀਰ 'ਤੇ ਹਮਲਾ ਕਰਨ ਵਾਲੇ ਮਾਈਕ੍ਰੋਬੈਕਟੀਰੀਅਮ ਟਿਊਬਰਕਿਊਲੋਸਿਸ ਕਾਰਨ ਹੁੰਦੀ ਹੈ। ਇਹ ਇਕ ਰੋਗੀ ਤੋਂ ਸਿਹਤਮੰਦ ਇਨਸਾਨ ਤੱਕ ਫ਼ੈਲਦੀ ਹੈ। 90 ਫ਼ੀਸਦੀ ਤੋਂ ਵੱਧ ਤਪਦਿਕ ਦੀ ਲਾਗ ਸਾਹ ਦੀ ਨਾਲੀ ਰਾਹੀਂ ਫ਼ੈਲਦੀ ਹੈ, ਤਪਦਿਕ ਮਰੀਜ਼ਾਂ ਦੇ ਖੰਘਣ, ਛਿੱਕਣ, ਉੱਚੀ ਆਵਾਜ਼ ਕਰਨ ਨਾਲ ਇਸ ਦਾ ਸੰਕਰਮਣ ਹੁੰਦਾ ਹੈ। ਇਸ ਕਾਰਨ ਤਪਦਿਕ (ਡਾਕਟਰੀ ਤੌਰ 'ਤੇ ਮਾਈਕ੍ਰੋਡ੍ਰੋਪਲੇਟਸ) ਵਾਲੀਆਂ ਬੂੰਦਾਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀਆਂ ਹਨ ਤੇ ਸਿਹਤਮੰਦ ਲੋਕਾਂ ’ਚ ਸਾਹ ਰਾਹੀਂ ਅੰਦਰ ਚਲੀਆਂ ਜਾਂਦੀਆਂ ਹਨ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ.ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਟੀ.ਬੀ. ਇੱਕ ਇਲਾਜਯੋਗ ਬਿਮਾਰੀ ਹੈ। ਸਮੇਂ ਸਿਰ ਜਾਂਚ ਤੇ ਨਿਯਮਤ ਦਵਾਈ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਜਨ ਭਾਗੀਦਾਰੀ ਨਾਲ ਦੇਸ਼ ਵਿੱਚੋਂ ਟੀ.ਬੀ.ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਟੀ.ਬੀ.ਅਫ਼ਸਰ ਡਾ. ਨਿਸ਼ੀ ਸੂਦ ਨੇ ਟੀ.ਬੀ.ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਪੰਦਰ੍ਹਾਂ ਦਿਨ ਤੋਂ ਵੱਧ ਖਾਂਸੀ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ, ਰਾਤ ਨੂੰ ਤਰੇਲੀਆਂ ਆਉਣੀਆਂ, ਹਲਕਾ ਬੁਖਾਰ ਰਹਿਣਾ ਆਦਿ ਹੋ ਸਕਦੇ ਹਨ। ਕਿਸੇ ਵੀ ਵਿਅਕਤੀ ’ਚ ਅਜਿਹੇ ਲੱਛਣ ਮਿਲਦੇ ਹਨ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਮੇਲ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਐੱਸ.ਡੀ.ਪੀ.ਐਸ. ਹਰਸਿਮਰਨਜੀਤ ਸਿੰਘ, ਐੱਸਟੀਐਸ ਸੁਰਿੰਦਰ ਕੁਮਾਰ, ਡਾਟਾ ਐਂਟਰੀ ਓਪਰੇਟਰ ਸਵਿਤਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।