ਕੀ ਪੰਜਾਬ ਕਾਂਗਰਸ 'ਚ ਫਿਰ ਖੜ੍ਹਾ ਹੋਵੇਗਾ ਨਵਾਂ ਸਿਆਸੀ ਬਵਾਲ? ਬਲਕੌਰ ਸਿੰਘ ਸਿੱਧੂ ਦੀ ਵਰਕਰ ਮਿਲਣੀ ਦੇ ਪੋਸਟਰਾਂ ਤੋਂ ਸੂਬੇ ਦੇ ਆਗੂਆਂ ਦੇ ਚਿਹਰੇ ਗਾਇਬ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਕਾਂਗਰਸੀ ਆਗੂ ਬਲਕੌਰ ਸਿੰਘ ਸਿੱਧੂ ਵੱਲੋਂ ਅੱਜ ਕੀਤੀ ਗਈ ਵਰਕਰ ਮਿਲਣੀ ਦੇ ਪੋਸਟਰਾਂ ਨੇ ਹਲਕੇ ’ਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ ’ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਤੇ ਬਲਕੌਰ ਸਿੱਧੂ ਦੀ ਹੀ ਫੋਟੋ ਮੌਜੂਦ ਹੈ ਜਦੋਂਕਿ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਪ੍ਰਧਾਨ ਸਮੇਤ ਹੋਰ ਲੀਡਰਸ਼ਿਪ ਗਾਇਬ ਹੈ।
Publish Date: Sat, 05 Sep 2026 02:42 PM (IST)
Updated Date: Sat, 05 Sep 2026 02:44 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ - ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਕਾਂਗਰਸੀ ਆਗੂ ਬਲਕੌਰ ਸਿੰਘ ਸਿੱਧੂ ਵੱਲੋਂ ਅੱਜ ਕੀਤੀ ਗਈ ਵਰਕਰ ਮਿਲਣੀ ਦੇ ਪੋਸਟਰਾਂ ਨੇ ਹਲਕੇ ’ਚ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ ’ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਤੇ ਬਲਕੌਰ ਸਿੱਧੂ ਦੀ ਹੀ ਫੋਟੋ ਮੌਜੂਦ ਹੈ ਜਦੋਂਕਿ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਪ੍ਰਧਾਨ ਸਮੇਤ ਹੋਰ ਲੀਡਰਸ਼ਿਪ ਗਾਇਬ ਹੈ।
ਵੇਰਵਿਆਂ ਮੁਤਾਬਿਕ ਪਿਛਲੇ ਕੁਝ ਸਮੇਂ ਤੋਂ ਬਲਕੌਰ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਦੇ ਸੰਕੇਤ ਦਿੱਤੇ ਜਾਂਦੇ ਰਹੇ ਹਨ। ਕਾਂਗਰਸੀ ਆਗੂ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਦੌਰਾਨ ਵੀ ਉਨ੍ਹਾਂ ਦੀ ਮੌਜੂਦਗੀ ’ਚ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਸੀ। ਅੱਜ ਦੀ ਵਰਕਰ ਮਿਲਣੀ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਵਰਕਰਾਂ ਨਾਲ ਮੀਟਿੰਗ ਕਰਕੇ ਆਪਣੀਆਂ ਕਈ ਗੱਲਾਂ ਰੱਖੀਆਂ। ਇਸ ਦੇ ਨਾਲ ਹੀ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਕੀ ਬਲਕੌਰ ਸਿੰਘ ਸਿੱਧੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨੂੰ ਲੈ ਕੇ ਨਾਰਾਜ਼ ਹਨ ਜਾਂ ਫਿਰ ਉਹ ਆਪਣੀ ਕੋਈ ਵੱਖਰੀ ਰਣਨੀਤੀ ਤਿਆਰ ਕਰ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਬਲਕੌਰ ਸਿੰਘ ਸਿੱਧੂ ਦਾ ਅਗਲਾ ਸਿਆਸੀ ਕਦਮ ਕੀ ਹੁੰਦਾ ਹੈ ਅਤੇ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਨਾਲ ਉਨ੍ਹਾਂ ਦੇ ਰਿਸ਼ਤੇ ਕਿਸ ਦਿਸ਼ਾ ਵੱਲ ਜਾਂਦੇ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਉਹ ਇਸ ਵਰਕਰ ਮਿਲਣੀ ’ਚ ਸ਼ਾਮਿਲ ਹੋਏ ਹਨ। ਪੋਸਟਰ ’ਚੋਂ ਪੰਜਾਬ ਆਗੂਆਂ ਦੀਆਂ ਫੋਟੋਆਂ ਗਾਇਬ ਹੋਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਇਸ ਵਰਕਰ ਮਿਲਣੀ ’ਚ ਬਾਹਰੋਂ ਕਿਸੇ ਆਗੂ ਨੇ ਆਉਣਾ ਹੀ ਨਹੀਂ ਸੀ ਸਿਰਫ ਸਥਾਨਕ ਵਰਕਰ ਮਿਲਣੀ ਹੀ ਸੀ।