ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ : ਸੋਢੀ ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਉਨ੍ਹਾਂ ਨੌਜਵਾਨਾਂ
Publish Date: Fri, 20 Nov 2026 05:25 PM (IST)
Updated Date: Fri, 20 Nov 2026 05:28 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਸ਼੍ਰੋਮਣੀ ਅਕਾਲੀ ਦਲ ਉਦੋਂ ਤੱਕ ਉਨ੍ਹਾਂ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਰਹੇਗਾ। ਜਦੋਂ ਤੱਕ ਪੰਜਾਬ ਵਿੱਚ ਹਰ ਨਿਯੁਕਤੀ ਪੂਰੀ ਤਰ੍ਹਾਂ ਯੋਗਤਾ, ਪਾਰਦਰਸ਼ਤਾ ਅਤੇ ਨਿਰਪੱਖਤਾ ਦੇ ਆਧਾਰ ਤੇ ਨਹੀਂ ਹੋ ਜਾਂਦੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਮਾਨਸਾ ਨੇ ਬੀਤੇ ਦਿਨ੍ਹੀਂ ਪੀਸੀਐੱਸ ਭਰਤੀ ਪ੍ਰਕਿਰਿਆ ਵਿੱਚ ਹੋਈ ਘਪਲੇਬਾਜ਼ੀ ਬਾਅਦ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਹਦਾਇਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾ ਕੇ ਮਾਮਲੇ ’ਤੇ ਰੋਕ ਲਗਵਾਈ ਗਈ। ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਮਿਹਨਤੀ ਨੌਜਵਾਨ ਸਾਲਾਂ ਬੱਧੀ ਪ੍ਰੀਖਿਆਵਾਂ, ਨਤੀਜਿਆਂ ਅਤੇ ਨਿਯੁਕਤੀਆਂ ਦੀ ਉਡੀਕ ਕਰਦੇ ਰਹੇ, ਜਦਕਿ ਪੰਜਾਬ ਦੀ ਬੇਈਮਾਨ ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਰਿਸ਼ਵਤ, ਸਿਫ਼ਾਰਿਸ਼ ਅਤੇ ਪੱਖਪਾਤ ਦਾ ਖੇਡ ਬਣਾ ਦਿੱਤਾ ਹੈ, ਜੋ ਕਿ ਪੰਜਾਬ ਦੇ ਹੋਣਹਾਰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ, ਜੋ ਸ਼੍ਰੋਮਣੀ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ। ਸਰਕਾਰ ਨੇ ਸੱਤਾਧਾਰੀ ਲੋਕਾਂ ਦੇ ਰਿਸ਼ਤੇਦਾਰਾਂ ਅਤੇ ਆਪਣੇ ਨੇੜਲੀ ਅਫ਼ਸਰਸ਼ਾਹੀ ਨੂੰ ਲਾਭ ਪਹੁੰਚਾਉਣ ਦੀ ਕੋਈ ਕਸਰ ਨਹੀਂ ਛੱਡੀ। ਯੋਗ ਪੰਜਾਬੀ ਉਮੀਦਵਾਰਾਂ ਨੂੰ ਪਾਸੇ ਕਰ ਦਿੱਤਾ ਗਿਆ, ਜਦਕਿ ਬਾਹਰੀ ਲੋਕਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਭਰਤੀ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਇਹ ਸੰਘਰਸ਼ ਜਾਰੀ ਰੱਖਿਆ ਤੇ ਅੱਜ ਅਦਾਲਤ ਨੇ ਸਾਡੇ ਨੌਜਵਾਨਾਂ ਪੱਖ ਨੂੰ ਸਹੀ ਸਾਬਤ ਕਰਦਿਆਂ ਜੋ ਫ਼ੈਸਲਾ ਦਿੱਤਾ ਹੈ। ਇਹ ਰੋਕ ਸਿਰਫ਼ ਇੱਕ ਕਾਨੂੰਨੀ ਹੁਕਮ ਨਹੀਂ ਹੈ, ਸਗੋਂ ਇਹ ਉਨ੍ਹਾਂ ਹਜ਼ਾਰਾਂ ਉਮੀਦਵਾਰਾਂ ਲਈ ਇੱਕ ਉਮੀਦ ਦੀ ਕਿਰਨ ਹੈ, ਜਿਨ੍ਹਾਂ ਨੂੰ ਲੱਗਦਾ ਸੀ ਕਿ ਪੈਸੇ ਅਤੇ ਰਸੂਖ਼ ਅੱਗੇ ਯੋਗਤਾ ਹਾਰ ਜਾਵੇਗੀ।