ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ, ਰੌਇਲ ਕਾਲਜ ਬੋੜਾਵਾਲ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਪ੍ਰਤੀ ਜਾਗਰੂਕਤਾ ਲੈਕਚਰ ਕਰਵਾਇਆ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਦਿ
Publish Date: Sat, 12 Sep 2026 06:58 PM (IST)
Updated Date: Sat, 12 Sep 2026 06:59 PM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵੱਲੋਂ ਨਸ਼ਾ ਮੁਕਤੀ ਚੇਤਨਾ ਸੰਘ (ਪੰਜਾਬ) ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਨਸ਼ਾ ਜਾਗਰੂਕਤਾ ਲੈਕਚਰ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਕਰਵਾਇਆ। ਡਾ. ਜਸਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ (ਫਿਜ਼ਿਕਸ) ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਨੇ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਡਾਇਰੈਕਟਰ ਅਤੇ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾ. ਜਸਪਾਲ ਸਿੰਘ ਨੇ ਕਾਲਜ ਦੀਆਂ ਆਧੁਨਿਕ ਸਹੂਲਤਾਂ, ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਲਈ ਉਪਲਬਧ ਮੌਕਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਡਾ. ਸਰਬਜੀਤ ਕੌਰ ਸੋਹਲ ਵਰਗੀ ਸਮਰੱਥ ਅਤੇ ਸਾਹਿਤਕ ਖੇਤਰ ਵਿੱਚ ਜਾਣੀ-ਪਛਾਣੀ ਸ਼ਖ਼ਸੀਅਤ ਦੀ ਰਹਿਨੁਮਾਈ ਹੇਠ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲ ਰਿਹਾ ਹੈ। ਡਾ. ਜਸਪਾਲ ਸਿੰਘ ਨੇ ਨਸ਼ਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਮਨੁੱਖੀ ਸਰੀਰ ਵਿੱਚ ਹਾਰਮੋਨਾਂ ਦੀ ਭੂਮਿਕਾ , ਪੰਜਾਬ ਦੇ ਇਤਿਹਾਸ ਅਤੇ ਸਾਡੇ ਸੂਰਵੀਰ ਯੋਧਿਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨੀ ਜੀਵਨ ਦਾ ਸਭ ਤੋਂ ਕੀਮਤੀ ਪੜਾਅ ਹੈ ਅਤੇ ਇਸ ਨੂੰ ਨਸ਼ਿਆਂ ਦੀ ਬਜਾਏ ਸਿੱਖਿਆ, ਖੇਡਾਂ, ਹੁਨਰ ਅਤੇ ਰਚਨਾਤਮਕ ਗਤੀਵਿਧੀਆਂ ਲਈ ਸਮਰਪਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ ਤੋਂ ਬਿਨਾਂ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਸਮਾਗਮ ਦੌਰਾਨ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਬਰਾੜ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਵਿੰਦਰ ਸਿੰਘ, ਡਾ. ਸ਼ਬੀਰ ਅਹਿਮਦ ਸ਼ਾਹ, ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋਫੈਸਰ ਗੀਤਾ ਰਾਣੀ, ਪ੍ਰੋਫੈਸਰ ਰਣਜੀਤ ਸਿੰਘ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਵਿਦਿਆਰਥੀਆਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ ਗਈ। ਮੰਚ ਦਾ ਸੰਚਾਲਨ ਪ੍ਰੋਫੈਸਰ ਅਵਤਾਰ ਸਿੰਘ ਵੱਲੋਂ ਕੀਤਾ ਗਿਆ।