ਵੁਆਇਸ ਆਫ ਮਾਨਸਾ ਵਫ਼ਦ ਵੱਲੋਂ ਏਡੀਸੀ ਨਾਲ ਮੁਲਾਕਾਤ ਗੈਰ-ਰਾਜਨੀਤਿਕ ਸਮਾਜਿਕ ਸੰਸਥਾ ਵੁਆਇਸ
Publish Date: Fri, 24 Jul 2026 05:32 PM (IST)
Updated Date: Sat, 25 Jul 2026 04:02 AM (IST)
ਆਵਾਰਾ ਪਸ਼ੂਆਂ ਅਤੇ ਸ਼ਹਿਰੀ ਸਮੱਸਿਆਵਾਂ ਦੇ ਹੱਲ ਦੀ ਕੀਤੀ ਮੰਗ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਰਹਾਂਗੇ ਯਤਨਸ਼ੀਲ : ਡਾ, ਸਿੰਗਲਾ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਗੈਰ-ਰਾਜਨੀਤਿਕ ਸਮਾਜਿਕ ਸੰਸਥਾ ਵੁਆਇਸ ਆਫ ਮਾਨਸਾ ਦੇ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨਾਲ ਮੁਲਾਕਾਤ ਕਰਕੇ ਸ਼ਹਿਰ ਦੀਆਂ ਅਹਿਮ ਜਨਤਕ ਸਮੱਸਿਆਵਾਂ ਦੇ ਹੱਲ ਲਈ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਅਤੇ ਮੰਗ ਪੱਤਰ ਸੌਂਪਿਆ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਮਾਨਸਾ ਵਿੱਚ ਅਵਾਰਾ ਗਊਆਂ ਦੀ ਵੱਧ ਰਹੀ ਸਮੱਸਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗਊਆਂ ਦੀ ਸੰਭਾਲ ਲਈ ਸ਼ਹਿਰ ਦੀਆਂ ਗਊਸ਼ਲਾਵਾਂ ਨੂੰ ਗਊ ਸੈੱਸ ਦੀ ਬਣਦੀ ਰਕਮ ਤੁਰੰਤ ਜਾਰੀ ਕਰਨ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ। ਨਾਲ ਹੀ ਜਿੱਥੋਂ ਆਵਾਰਾ ਪਸ਼ੂ ਸ਼ਹਿਰ ਅਤੇ ਆਲੇ ਦੁਆਲੇ ਦੀਆਂ ਸੜਕਾਂ ਤੇ ਆਉਂਦੇ ਹਨ। ਉਸ ਤੇ ਵੀ ਚੈੱਕ ਰੱਖਣਾ ਜ਼ਰੂਰੀ ਹੈ, ਕੈਮਰੇ ਆਦਿ ਲਗਾ ਕੇ ਸਹੀ ਢੰਗ ਨਾਲ ਰੋਕ ਲਗਾਉਣੀ ਜ਼ਰੂਰੀ ਹੈ ਤਾਂ ਜੋ ਕਿ ਸਮੱਸਿਆ ਤੇ ਸਹੀ ਤਰੀਕੇ ਨਾਲ ਕਾਬੂ ਪਾਇਆ ਜਾ ਸਕੇ। ਹਰ ਪਿੰਡ ਵਿੱਚ ਜਾਂ ਦੋ ਚਾਰ ਪਿੰਡਾਂ ਦੇ ਸਮੂਹ ਵਿੱਚ ਛੋਟੀਆਂ ਛੋਟੀਆਂ ਗਊਸ਼ਾਲਾਵਾਂ ਖੋਲ੍ਹੀਆਂ ਜਾਣ ਤੇ ਨਾਲ ਹੀ ਪੰਚਾਇਤਾਂ ਨੂੰ ਇਸ ਕੰਮ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਵੇ। ਸੰਸਥਾ ਦੇ ਪ੍ਰੋਜੈਕਟ ਮੈਨੇਜਰ ਲਖਵਿੰਦਰ ਸਿੰਘ ਮੂਸਾ ਨੇ ਜਨਤਕ ਪਖਾਨਿਆਂ ਦੀ ਅਣਹੋਂਦ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਸੰਸਥਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਇਹ ਨਹੀਂ ਪਤਾ ਕਿ ਕਿਉਂ ਨਹੀਂ ਇਸ ਮੁੱਦੇ ਤੇ ਕੋਈ ਵੀ ਠੋਸ ਕਦਮ ਹਾਲੇ ਤੱਕ ਨਹੀਂ ਚੁੱਕਿਆ ਗਿਆ। ਼ ਮੀਟਿੰਗ ਦੌਰਾਨ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਅਤੇ ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਵਿੱਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਹੀ ਤਰੀਕੇ ਨਾਲ ਡੀਸਿਲਟਿੰਗ ਨਹੀਂ ਕੀਤੀ ਜਾਂਦੀ ਉਦੋਂ ਤੱਕ ਡਰੇਨੇਜ ਨਹੀਂ ਹੋ ਸਕਦੀ ਅਤੇ ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਖੜ੍ਹੇ ਗੰਦੇ ਪਾਣੀ ਤੋਂ ਰਾਹਤ ਨਹੀਂ ਮਿਲ ਸਕਦੀ। ਐਡਵੋਕੇਟ ਕੇਸਰ ਸਿੰਘ ਧਲੇਵਾਂ ਅਤੇ ਬਿੱਕਰ ਮਘਾਣੀਆਂ ਨੇ ਸ਼ਹਿਰ ਵਿੱਚ ਭਰਤ ਪਾਉਣ ਲਈ ਆਉਣ ਵਾਲੀਆਂ ਮਿੱਟੀ ਦੀਆਂ ਟਰਾਲੀਆਂ ਨੂੰ ਮਿੱਟੀ ਢੱਕ ਕੇ ਲਿਆਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ, ਤਾਂ ਜੋ ਮਿੱਟੀ -ਧੂੜ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਨਰਿੰਦਰ ਸ਼ਰਮਾ, ਸੰਸਥਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ, ਰਿਟਾਇਰਡ ਏਆਰ. ਸੇਠੀ ਸਿੰਘ ਸਰਾਂ, ਹਰਜੀਵਨ ਸਰਾਂ, ਸ਼ਾਮ ਲਾਲ ਗਰਗ, ਪਵਨ ਗਰਗ ਐਫ ਸੀ ਆਈ ਅਤੇ ਵੈਟਰਨ ਅਥਲੀਟ ਸਰਬਜੀਤ ਕੌਸ਼ਲ ਵੀ ਹਾਜ਼ਰ ਸਨ। ਵਧੀਕ ਡਿਪਟੀ ਕਮਿਸ਼ਨਰ ਮੈਡਮ ਪੂਨਮ ਸਿੰਘ ਨੇ ਵਫ਼ਦ ਵੱਲੋਂ ਉਠਾਏ ਗਏ ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ, ਸ਼ਹਿਰ ’ਚ ਜਨਤਕ ਪਖਾਨਿਆਂ ਦੀ ਉਸਾਰੀ ਅਤੇ ਹੋਰ ਨਾਗਰਿਕ ਸਹੂਲਤਾਂ ਨਾਲ ਸਬੰਧਤ ਮੁੱਦਿਆਂ ਤੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲਦੀ ਹੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੰਤ ਵਿੱਚ ਵੁਆਇਸ ਆਫ ਮਾਨਸਾ ਦੇ ਸਮੂਹ ਮੈਂਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਸ਼ਹਿਰ ਦੀਆਂ ਇਨ੍ਹਾਂ ਅਹਿਮ ਸਮੱਸਿਆਵਾਂ ਦਾ ਜਲਦੀ ਹੱਲ ਹੋਵੇਗਾ। ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।