ਵਿਦਿਆਰਥਣਾਂ ਵੱਲੋਂ ਬਿਰਧ ਆਸ਼ਰਮ ਦਾ ਦੌਰਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
Publish Date: Tue, 17 Feb 2026 05:30 PM (IST)
Updated Date: Wed, 18 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ ਦੀਆਂ ਵਿਦਿਆਰਥਣਾਂ ਵੱਲੋਂ ਬਿਰਧ ਘਰ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਬਜ਼ੁਰਗਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਨ੍ਹਾਂ ਦੀ ਜੀਵਨ ਜਾਂਚ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਵੜਿੰਗ ਨੇ ਇਸ ਤਰ੍ਹਾਂ ਦੇ ਯਤਨਾਂ ਨੂੰ ਸ਼ਲਾਘਾਯੋਗ ਕਦਮ ਦੱਸਿਆ। ਵਿਦਿਆਰਥੀਆਂ ਨੂੰ ਜੀਵਨ ਦੇ ਇਨ੍ਹਾਂ ਵਿਸ਼ੇਸ਼ ਪੱਖਾਂ ਨੂੰ ਡੂੰਘਾਈ ਨਾਲ ਸਮਝਣ ਲਈ ਪ੍ਰੇਰਿਆ। ਵਿਦਿਆਰਥੀਆਂ ਵਿਚ ਸਮਾਜਿਕ, ਸਦਾਚਾਰਕ ਤੇ ਨੈਤਿਕ ਕਦਰਾਂ-ਕੀਮਤਾਂ ਭਰਨ ਲਈ ਅਜਿਹੀਆਂ ਸੇਵਾਵਾਂ ਬਹੁਤ ਮਹੱਤਵਪੂਰਨ ਹਨ। ਇਸ ਦੌਰਾਨ ਵਿਦਿਆਰਥਣਾਂ ਨੂੰ ਲੀਡ ਬੈਂਕ ਦੇ ਨੁਮਾਇੰਦੇ ਰਜਤ ਕੁਮਾਰ ਵੱਲੋਂ ਜਿੱਥੇ ਬੈਂਕ ਟਰਾਂਜੈਕਸ਼ਨਾਂ ਬਾਰੇ ਸਾਈਬਰ ਕਰਾਈਮ ਸਬੰਧੀ ਜਾਣਕਾਰੀ ਦਿੱਤੀ, ਉੱਥੇ ਹੀ ਐਡਵੋਕੇਟ ਰਾਜਵੀਰ ਸਿੰਘ ਨੇ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਐਕਟ ਬਾਰੇ ਜਾਣੂ ਕਰਵਾਇਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੋਂ ਮੋਹਿਤ ਗਰਗ ਨੇ ਬੁਢਾਪਾ ਪੈਨਸ਼ਨਾਂ ਅਤੇ ਵਿਭਾਗ ਦੀਆਂ ਹੋਰ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਯੋਗਾ ਇੰਸਟ੍ਰੱਕਟਰ ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਅਤੇ ਬਿਰਧ ਘਰ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਯੋਗ ਆਸਣ ਕਰਵਾਏ ਗਏ ਅਤੇ ਨਿਰੋਗ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮਾਨਸਾ ਤੋਂ ਅਧਿਆਪਕ ਡਾ. ਵਿਨੋਦ ਮਿੱਤਲ ਵਿਦਿਆਰਥਣਾਂ ਨਾਲ ਮੌਜੂਦ ਸਨ।