ਸਰਦੂਲਗੜ੍ਹ ਹਲਕੇ ਦੇ ਪਿੰਡ ਜਵਾਹਰਕੇ ਦੇ ਖੇਡ ਸਟੇਡੀਅਮ ‘ਚ ਘਟੀਆ ਮਟੀਰੀਅਲ ਦੇ ਪਿੰਡ ਵਾਸੀਆਂ ਵੱਲੋਂ ਲਗਾਏ ਦੋਸ਼ ਸਰਦੂਲਗੜ੍ਹ ਹਲਕੇ ਦੇ ਪਿੰਡ ਜਵਾਹਰਕੇ
Publish Date: Tue, 01 Sep 2026 05:38 PM (IST)
Updated Date: Tue, 01 Sep 2026 05:40 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਰਦੂਲਗੜ੍ਹ ਹਲਕੇ ਦੇ ਪਿੰਡ ਜਵਾਹਰਕੇ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਨੂੰ ਖਿਡਾਰੀਆਂ ਤੇ ਪਿੰਡ ਵਾਸੀਆਂ ਵੱਲੋਂ ਸਟੇਡੀਅਮ ਵਿਚ ਹੋਈ ਧਾਂਦਲੀ ਦੀਆਂ ਤਸਵੀਰਾਂ ਦਿਖਾਈਆਂ ਅਤੇ ਠੇਕੇਦਾਰ ਵੱਲੋਂ ਕੀਤੇ ਕੰਮ ਤੇ ਵੀ ਸਵਾਲ ਖੜ੍ਹੇ ਕੀਤੇ ਗਏ। ਇਸ ਬਾਅਦ ਵਿਧਾਇਕ ਨੇ ਪਿੰਡ ਵਾਸੀਆਂ ਤੇ ਖਿਡਾਰੀਆਂ ਨਾਲ ਸਹਿਮਤ ਹੁੰਦੇ ਹੋਏ 15 ਦਿਨਾਂ ਵਿਚ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਕਾਂਗਰਸ ਦੇ ਆਗੂਆਂ ਵੱਲੋਂ ਵੀ ਸਰਕਾਰ ਤੇ ਸਵਾਲ ਖੜ੍ਹੇ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਆਪਣੇ ਹਲਕੇ ਦੇ ਪਿੰਡ ਜਵਾਹਰਕੇ ਵਿਚ ਨਵੇਂ ਬਣੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਤਾਂ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ, ਜਦ ਪਿੰਡ ਵਾਸੀਆਂ ਤੇ ਖਿਡਾਰੀਆਂ ਵੱਲੋਂ 31 ਲੱਖ 40 ਹਜ਼ਾਰ ਦੀ ਲਾਗਤ ਨਾਲ ਬਣੇ ਸਟੇਡੀਅਮ ਵਿਚ ਲੱਗੇ ਪੈਸੇ ਤੇ ਸਵਾਲ ਖੜ੍ਹੇ ਕਰ ਦਿੱਤੇ। ਖਿਡਾਰੀ ਸੁਖਦੀਪ ਸਿੰਘ ਅਤੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਟੇਡੀਅਮ ਵਿਚ ਬਣੇ ਬਾਥਰੂਮ ਲਾਈਟਾਂ ਬਹੁਤ ਹੀ ਘਟੀਆ ਕਿਸਮ ਦੇ ਬਣਾਏ ਗਏ ਹਨ। ਇਸ ਕਾਰਨ ਸਰਕਾਰੀ ਪੈਸੇ ‘ਚ ਵੱਡੀ ਧਾਂਦਲੀ ਦੀ ਆਸ਼ੰਕਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਟੇਡੀਅਮ ਵਿਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ। ਇਸ ਕਾਰਨ ਸਟੇਡੀਅਮ ਉਦਘਾਟਨ ਤੋਂ ਪਹਿਲਾਂ ਹੀ ਫਰਸ਼ ਅਤੇ ਬਾਥਰੂਮਾਂ ਦੀਆਂ ਟੂਟੀਆਂ ਤੱਕ ਉਖੜ ਚੁੱਕੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਤੁਰੰਤ ਠੇਕੇਦਾਰ ਪੰਚਾਇਤ ਸੈਕਟਰੀ ਸਮੇਤ ਵਿਭਾਗ ਦੇ ਐਸਡੀਓ ਤੱਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਟੇਡੀਅਮ ’ਚ ਵਰਤੇ ਮਟੀਰੀਅਲ ਦੀ ਹੋਵੇਗੀ ਜਾਂਚ : ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਪਿੰਡ ਵਾਸੀਆਂ ਅਤੇ ਖਿਡਾਰੀਆਂ ਨਾਲ ਸਹਿਮਤ ਹੁੰਦੇ ਹੋਏ ਮੌਕੇ ਤੇ ਮੌਜੂਦ ਐਸਡੀਓ ਨੂੰ ਝਾੜ ਪਾਉਂਦਿਆਂ ਕਿਹਾ ਕਿ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਜਾਵੇ ਅਤੇ ਇਸ ਦੀ 15 ਦਿਨਾਂ ਵਿੱਚ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਵਰਤੇ ਗਏ ਘਟੀਆ ਮਟੀਰੀਅਲ ਦੀ ਜਾਂਚ ਹੋਵੇ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਅਤੇ ਖਿਡਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਹੋਵੇਗੀ। ਸਟੇਡੀਅਮ ’ਚ ਘਟੀਆ ਮਟੀਰੀਅਲ ਵਰਤੇ ਜਾਣ ਦੀ ਹੋਵੇ ਜਾਂਚ : ਬਿਕਰਮ ਸਿੰਘ ਮੋਫ਼ਰ ਸਰਦੂਲਗੜ੍ਹ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਬਿਕਰਮ ਸਿੰਘ ਮੋਫ਼ਰ ਨੇ ਜਵਾਹਰਕੇ ਪਿੰਡ ਵਿੱਚ ਖੇਡ ਸਟੇਡੀਅਮ ‘ਚੋਂ ਘਟੀਆ ਮਟੀਰੀਅਲ ਵਰਤੇ ਜਾਣ ਅਤੇ ਧਾਂਦਲੀ ਹੋਣ ਦੇ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਇਮਾਨਦਾਰੀ ਦੇ ਦਾਅਵੇ ਕਰਦੀ ਸੀ। ਅੱਜ ਇਸ ਸਟੇਡੀਅਮ ਵਿੱਚ ਲੱਗੇ ਘਟੀਆ ਮਟੀਰੀਅਲ ਅਤੇ 31 ਲੱਖ ਰੁਪਏ ਆਖਿਰ ਕਿਸ ਦੀਆਂ ਜ਼ੇਬਾਂ ਵਿੱਚ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਵਿੱਚ ਧਾਂਦਲੀ ਕਰਨ ਵਾਲੇ ਠੇਕੇਦਾਰ ਸਮੇਤ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ।