ਨਗਰ ਕੌਂਸਲ ਵੱਲੋਂ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਚੁੱਕਣ ਸਮੇਂ ਹੰਗਾਮਾ ਸਥਾਨਕ ਨਗਰ ਕੌਂਸਲ ਦੀ ਟੀਮ ਵੱਲੋਂ ਬਜ਼ਾਰ
Publish Date: Wed, 25 Nov 2026 06:12 PM (IST)
Updated Date: Wed, 25 Nov 2026 06:13 PM (IST)
ਦੁਕਾਨਦਾਰ ਤੇ ਕੌਂਸਲ ਕਰਮਚਾਰੀ ਆਹਮੋ-ਸਾਹਮਣੇ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਥਾਨਕ ਨਗਰ ਕੌਂਸਲ ਦੀ ਟੀਮ ਵੱਲੋਂ ਬਾਜ਼ਾਰ ਵਿਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਨੂੰ ਚੁੱਕਣ ਦੀ ਕਾਰਵਾਈ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੇਨ ਬਾਜ਼ਾਰ ਵਿਚ ਬੂਟ ਚੱਪਲਾਂ ਦੀ ਦੁਕਾਨ ਕਰ ਰਹੇ ਦੁਕਾਨਦਾਰ ਤੇ ਕੌਂਸਲ ਦੇ ਕਰਮਚਾਰੀਆਂ ਵਿਚਕਾਰ ਤਕਰਾਰ ਹੋ ਗਈ। ਮਾਮਲਾ ਇਨ੍ਹਾਂ ਵਧ ਗਿਆ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਤੇ ਥੱਪੜ ਮਾਰਨ ਦੇ ਦੋਸ਼ ਲਗਾਏ। ਜਾਣਕਾਰੀ ਅਨੁਸਾਰ ਕੌਂਸਲ ਦੀ ਟੀਮ ਬੁੱਧਵਾਰ ਨੂੰ ਸਵੇਰੇ 11.30 ਵਜੇ ਦੇ ਕਰੀਬ ਬਾਜ਼ਾਰ ਵਿਚ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਤਹਿਤ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਚੁੱਕ ਰਹੀ ਸੀ। ਇਸੇ ਦੌਰਾਨ ਇਕ ਦੁਕਾਨਦਾਰ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਬਣ ਗਿਆ। ਪੀੜਤ ਦੁਕਾਨਦਾਰ ਦਾ ਦੋਸ਼ ਹੈ ਕਿ ਕੌਂਸਲ ਦੇ ਕਰਮਚਾਰੀਆਂ ਨੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਦੇ ਥੱਪੜ ਮਾਰਿਆ। ਦੂਜੇ ਪਾਸੇ ਕੌਂਸਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਤੇ ਉਨ੍ਹਾਂ ਵਿਚੋਂ ਇਕ ਕਰਮਚਾਰੀ ਨੂੰ ਥੱਪੜ ਮਾਰਿਆ। ਘਟਨਾ ਦੀ ਖ਼ਬਰ ਫ਼ੈਲਦਿਆਂ ਹੀ ਬਜ਼ਾਰ ਦੇ ਵੱਡੀ ਗਿਣਤੀ ਦੁਕਾਨਦਾਰ ਪੀੜਤ ਦੁਕਾਨਦਾਰ ਦੇ ਹੱਕ ਵਿਚ ਇਕੱਠੇ ਹੋ ਗਏ। ਉਨ੍ਹਾਂ ਨੇ ਨਗਰ ਕੌਂਸਲ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਰਵਾਈ ਦੌਰਾਨ ਕਰਮਚਾਰੀਆਂ ਦੇ ਵਤੀਰੇ ਦੀ ਨਿਖੇਧੀ ਕੀਤੀ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਦੋਸ਼ੀ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਦੁਕਾਨਦਾਰਾਂ ਨੂੰ ਪਹਿਲਾਂ ਸੂਚਿਤ ਕਰਕੇ ਹੀ ਕਾਰਵਾਈ ਕੀਤੀ ਜਾਵੇ। ਮੌਕੇ ਤੇ ਹਾਲਾਤ ਤਣਾਅਪੂਰਨ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਕੌਂਸਲ ਦੇ ਅਧਿਕਾਰੀ ਵਿਕਾਸ ਕੁਮਾਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਬਜ਼ਾਰ ਵਿਚ ਕੁਝ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਲਈ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ।