ਧਰਮ ਦੀ ਕਦੇ ਵੀ ਹਾਰ ਨਹੀਂ ਹੁੰਦੀ : ਸਾਧਵੀ ਚੇਤਨਾ ਗਿਰੀ ਸਥਾਨਕ ਜੈ ਮਾਂ ਮੰਦਰ ਵਿਖੇ ਸ਼ਕਤੀ ਕੀਤਰਨ
Publish Date: Fri, 02 Oct 2026 07:09 PM (IST)
Updated Date: Fri, 02 Oct 2026 07:10 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ ਸਥਾਨਕ ਜੈ ਮਾਂ ਮੰਦਰ ਵਿਖੇ ਸ਼ਕਤੀ ਕੀਤਰਨ ਮੰਡਲ ਤੇ ਮਹਿਲਾ ਸਤਿਸੰਗ ਮੰਡਲ ਵੱਲੋਂ ਕਰਵਾਈ ਜਾ ਰਹੀ ਸ੍ਰੀ ਦੇਵੀ ਭਾਗਵਤ ਮਹਾਪੁਰਾਣ ਕਥਾ ਦੇ ਛੇਵੇਂ ਦਿਨ ਪ੍ਰਵਚਨ ਕਰਦਿਆਂ ਸਾਧਵੀ ਨਿਸਕੰਪ ਚੇਤਨਾ ਜੀ ਗਿਰੀ ਮਹਾਰਾਜ ਨੇ ਕਿਹਾ ਕਿ ਅਧਰਮ ਜਿੱਤ ਸਕਦਾ ਹੈ, ਪਰ ਧਰਮ ਦੀ ਕਦੇਂ ਵੀ ਹਾਰ ਨਹੀਂ ਹੁੰਦੀ। ਸ਼ੁੱਕਰਵਾਰ ਨੂੰ ਜੋਤੀ ਪ੍ਰਚੰਡ ਜੈ ਦੁਰਗਾ ਕੀਰਤਨ ਮੰਤਰੀ ਇਸਤਰੀ ਸਤਿਸੰਗ ਸਭਾ ਦੀ ਸੁਸ਼ਮਾ, ਸੰਤੋਸ਼ ਰਾਣੀ, ਰੀਤੂ ਰਾਣੀ, ਮਮਤਾ ਤੇ ਨੀਸੂ ਆਦਿ ਵਲੌਂ ਵਿਧੀ ਪੂਰਵਕ ਕੀਤਾ ਗਿਆ। ਸਾਧਵੀ ਨਿਸਕੰਪ ਚੇਤਨਾ ਨੇ ਆਪਣੇ ਮੁਖਾਰਬਿਨ ਤੋਂ ਫ਼ੁਰਮਾਇਆ ਕਿ ਸਮੇਂ-ਸਮੇਂ ’ਤੇ ਦੇਵੀ ਮਾਂ ਨੇ ਸੁੰਦਰ ਤੇ ਭਿਅੰਕਰ ਰੂਪ ਧਾਰਨ ਕਰਕੇ ਰਾਕਸ਼ਸਾਂ ਦਾ ਵਧ ਕੀਤਾ ਤੇ ਕਿਹਾ ਕਿ ਇਸ ਧਰਤੀ ਤੇ ਜ਼ੁਲਮ, ਅਧਰਮ ਕਦੇਂ ਨਹੀਂ ਰਹਿ ਸਕਦਾ। ਸਾਧਵੀ ਨਿਸਕੰਪ ਚੇਤਨਾ ਜੀ ਨੇ ਕਿਹਾ ਕਿ ਰਾਕਸ਼ਸਾਂ ਨੇ ਕਈ ਦੇਵਤਿਆਂ ਨੂੰ ਹਰਾਇਆ, ਪਰ ਦੇਵੀ ਮਾਂ ਨੇ ਰਾਕਸ਼ਸਾਂ ਦਾ ਖਾਤਮਾ ਕੀਤਾ। ਉਨ੍ਹਾਂ ਕਿਹਾ ਕਿ ਸੁਭਮ ਤੇ ਨਿਸੁਭਮ ਨਾਂ ਦੇ ਪਾਤਾਲ ਲੋਕ ਦੇ ਦੋ ਰਾਕਸ਼ਸ ਹੋਏ, ਜਿੰਨਾਂ ਨੇ ਲੋਕ ਦੇਵਤਿਆਂ ਨੂੰ ਹਰਾ ਕੇ ਇਹ ਲੋਕ ਵੀ ਜਿੱਤ ਲਿਆ ਸੀ। ਉਨ੍ਹਾਂ ਕਿਹਾ ਕਿ ਫਿਰ ਦੇਵਤਿਆਂ ਨੇ ਦੇਵੀ ਮਾਂ ਕੋਲ ਅਰਜ਼ੋਈ ਕੀਤੀ, ਜਿਸ ਤੋਂ ਦੇਵੀ ਮਾਂ ਕਾਲੀ ਤੇ ਅੰਬਾ ਦੇ ਦੋ ਰੂਪ, ਇਕ ਸੁੰਦਰ ਤੇ ਇਕ ਕਰੂਪ ਰੂਪ ਧਾਰਨ ਕਰਕੇ ਆਈ ਤੇ ਉਸਨੇ ਪਾਤਾਲ ਲੋਕ ਦੇ ਰਾਕਸ਼ਸਾਂ ਨੂੰ ਹਰਾਇਆ। ਉਨ੍ਹਾਂ ਕਿਹਾ ਕਿ ਜਦੋ ਜਦੋ ਧਰਤੀ ਤੇ ਅੱਤਿਆਚਾਰ ਤੇ ਬੁਰੇ ਕੰਮ ਵਧੇ ਹਨ, ਉਦੋਂ ਭਗਵਤੀ ਦੁਰਗਾ ਦਾ ਰੂਪ ਧਾਰਨ ਕਰ ਕੇ ਪਾਪੀਆਂ ਦਾ ਨਾਸ਼ ਕਰਦੀ ਹੈ। ਉਨ੍ਹਾਂ ਫ਼ੁਰਮਾਇਆ ਕਿ ਅਧਰਮ ਸਦਾ ਜਿੱਤਦਾ ਨਹੀਂ, ਪਰ ਧਰਮ ਕਦੇ ਵੀ ਹਾਰਦਾ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਸੱਚ, ਧਰਮ, ਦਿਆਲਤਾ, ਅਧਿਆਤਮਿਕਤਾ, ਚੰਗੇ ਕਰਮ ਤੋਂ ਬਿਨਾਂ ਸਮਾਜ ’ਚ ਕਿਸੇ ਹੋਰ ਜ਼ੁਲਮੀ, ਅੱਤਿਆਚਾਰੀ, ਅਹੰਕਾਰੀ ਤੇ ਈਰਖਾਲੂ ਮਨ ਦੀ ਕੋਈ ਜਗ੍ਹਾ ਨਹੀਂ। ਸਮਾਜ ਤੇ ਪੁੰਨ ਭਰੇ ਸੋਹਣੇ ਕਾਰਜ ਹੀ ਇਨਸਾਨੀਅਤ ਸਿਰਜਦੇ ਹਨ। ਮੰਚ ਬਿੰਦਰਪਾਲ ਗਰਗ ਨੇ ਸੰਭਾਲਿਆ ਤੇ ਧਾਰਮਿਕ ਵਿਚਾਰਾਂ ਭਰੀ ਹਾਜ਼ਰੀ ਲਵਾਈ। ਇਸ ਮੌਕੇ ਮਹਿਲਾ ਸਤਿਸੰਗ ਮੰਡਲ ਦੀ ਪ੍ਰਧਾਨ ਨਿਸ਼ਾ ਹੰਸ, ਰੇਣੂ ਅਰੋੜਾ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਸ਼ਾਮਲ ਸਨ।