- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੂਬੇ ਭਰ

-ਜਿਉਂਦ ਵਿਖੇ ਪੁਲਿਸ ਵੱਲੋਂ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ, ਜ਼ਿੰਮੇਵਾਰੀ ਅਫ਼ਸਰਾਂ ’ਤੇ ਕਾਰਵਾਈ ਦੀ ਮੰਗ : ਆਗੂ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੂਬੇ ਭਰ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਬਿਜਲੀ ਸੋਧ ਬਿੱਲ, ਬੀਜ ਬਿਲ, ਮੁਕਤ ਵਪਾਰ ਸਮਝੌਤਾ ਅਤੇ ਨਵਮਜ਼ਦੂਰਾਂ ਲਈ ਚੱਲ ਰਹੀ ਮਗਨਰੇਗਾ ਸਕੀਮ ਨੂੰ ਤੋੜ ਮਰੋੜ ਕੇ ਜੀ ਰਾਮ ਜੀ ਦੇ ਨਾਂ ਹੇਠ ਲਾਗੂ ਕਰਨ ਦੀ ਕੋਝੀ, ਸ਼ੈਤਾਨੀ ਚਾਲ ਅਤੇ ਨਿੱਜੀਕਰਨ , ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਲੋਕ ਵਿਰੋਧੀ ਕਾਰਪੋਰੇਟਰਾਂ ਪੱਖੀ ਨੀਤੀਆਂ ਖ਼ਿਲਾਫ਼ ਅੱਜ 22 ਫ਼ਰਵਰੀ ਨੂੰ ‘ਆਪ’ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਦਾ 11 ਵਜੇ ਤੋਂ ਤਿੰਨ ਵਜੇ ਤੱਕ ਘੇਰਾਓ ਕਰਨ ਦੇ ਫ਼ੈਸਲੇ ਅਨੁਸਾਰ ਮਾਨਸਾ ਵਿਖੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਰਿਹਾਇਸ਼ ਦਾ ਘਿਰਾਓ ਸਿਲਵਰ ਸਿਟੀ ਕਲੋਨੀ ਵਿਖੇ ਕੀਤਾ ਗਿਆ। ਇਸ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਅਤੇ ਭਰਾਤਰੀ ਜੱਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨ੍ਹੀਂ ਬੀਕੇਯੂ ਉਗਰਾਹਾਂ ਵੱਲੋਂ ਲੰਬੇ ਸਮੇਂ ਤੋਂ ਜ਼ੇਲ੍ਹਾਂ ਵਿੱਚ ਬੰਦ ਦੋ ਕਿਸਾਨਾਂ ਦੀ ਰਿਹਾਈ ਲਈ ਸ਼ਾਂਤੀਪੂਰਵਕ ਧਰਨਾ ਦੇਣ ਜਾ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਲਾਠੀਚਾਰਜ, ਅੱਥਰੂਗੈਸ ਦੀਆਂ ਗੋਲੀਆਂ ਦੀਆਂ ਬੁਛਾੜਾਂ , ਬੱਚਿਆਂ, ਔਰਤਾਂ ਤੇ ਬਜ਼ੁਰਗਾਂ ’ਤੇ ਵੀ ਅੰਨ੍ਹੇਵਾਹ ਤਸ਼ੱਦਦ ਕੀਤਾ ਅਤੇ ਅਣਪਛਾਤੇ ਵਿਅਕਤੀਆਂ ਤੇ ਦਰਜ ਕੀਤੇ ਪਰਚਿਆਂ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਦੋਸ਼ੀ ਜ਼ਿੰਮੇਵਾਰ ਅਧਿਕਾਰੀਆਂ ਤੇ ਕਾਨੂੰਨੀ ਕਾਰਵਾਈ ਉੱਚ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ। ਮੌਜੂਦ ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਅਮਰੀਕਾ ਨਾਲ ਕੀਤਾ ਲੋਕ ਵਿਰੋਧੀ ਵਪਾਰ ਮੁਕਤ ਸਮਝੌਤਾ, ਬਿਜਲੀ ਸੋਧ ਬਿਲ, ਬੀਜ ਬਿੱਲ, ਲੇਬਰ ਕਾਨੂੰਨਾਂ ਨੂੰ ਕੋਡਾਂ ’ਚ ਬਦਲ ਕੇ ਲੋਕ ਵਿਰੋਧੀ ਕਾਰਪੋਰੇਟਰਾਂ ਪੱਖੀ ਨਿੱਜੀਕਰਨ, ਵਪਾਰੀਕਰਨ, ਉਦਾਰੀਕਰਨ ਦੀਆਂ ਨੀਤੀਆਂ ਤੇ ਚੱਲ ਕੇ ਕੀਤੇ ਜਾ ਰਹੇ ਫੈਸਲਿਆਂ ਨੂੰ ਰੱਦ ਨਾ ਕੀਤਾ ਤਾਂ ਸਾਂਝੇ ਅਤੇ ਵਿਸ਼ਾਲ ਸੰਘਰਸ਼ਾਂ ਦਾ ਦੌਰ ਹੋਰ ਤੇਜ਼ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ। ਉਨ੍ਹਾਂ ਸਮੁੱਚੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਤੇ ਕਿਰਤੀ ਲੋਕਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਸਬੰਧੀ ਸੁਚੇਤ ਕਰਦੇ ਹੋਏ ਜਥੇਬੰਦਕ ਤਾਕਤ ਅਤੇ ਭਰਾਤਰੀ ਸਾਂਝ ਨੂੰ ਨਿੱਜਤਾ ਤੋਂ ਉੱਪਰ ਉੱਠ ਕੇ ਹੋਰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਬੀਕੇਯੂ ਬੁਰਜ ਗਿੱਲ ਦੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਜੁਗਰਾਜ ਸਿੰਘ ਹੀਰਕੇ, ਬੀਕੇਯੂ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੁਲੋਵਾਲ, ਟੈਕਨੀਕਲ ਸਰਵਿਸ ਯੂਨੀਅਨ ਦੇ ਜਸਪਾਲ ਸਿੰਘ, ਠੇਕਾ ਮੁਲਾਜ਼ਮ ਯੂਨੀਅਨ ਕੁਲਦੀਪ ਸਿੰਘ ਸ਼ਾਮਿਲ ਸਨ। ਇੰਨ੍ਹਾਂ ਤੋਂ ਇਲਾਵਾ ਕਿਸਾਨ ਆਗੂ ਮਨਜੀਤ ਸਿੰਘ ਉਲਕ, ਮੱਖਣ ਸਿੰਘ ਭੈਣੀ ਬਾਘਾ, ਰੂਪ ਸਿੰਘ ਢਿੱਲੋਂ, ਹਰਜਿੰਦਰ ਸਿੰਘ ਮਾਨਸ਼ਾਹੀਆ, ਭੋਲਾ ਮਾਖਾ ਨੇ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 10 ਮਾਰਚ ਨੂੰ ਬਰਨਾਲਾ ਵਿਖੇ ਹੋ ਰਹੀ ਵਿਸ਼ਾਲ ਰੋਸ ਰੈਲੀ ਵਿੱਚ ਜੋਸ਼ੋ ਖਰੋਸ਼ ਨਾਲ ਪੁੱਜਣ ਦੀ ਅਪੀਲ ਵੀ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸਿੰਘ ਚਚੋਹਰ ਉਗਰਾਹਾਂ ਦੇ ਬਲਾਕ ਪ੍ਰਧਾਨ ਝੁਨੀਰ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਇਨਕਲਾਬੀ ਗੀਤਕਾਰ ਅਜਮੇਰ ਸਿੰਘ ਅਕਲੀਆ, ਸੁਖਦੇਵ ਭੁਪਾਲ ਅਤੇ ਲਾਭ ਸਿੰਘ ਅਤੇ ਸੁਖਬੀਰ ਖਾਰਾ ਨੇ ਇਨਕਲਾਬੀ ਗੀਤ ਗਾ ਕੇ ਧਰਨੇ ਵਿੱਚ ਜੋਸ਼ ਭਰਿਆ। ਅੰਤ ’ਚ ਧਰਨੇ ਵਿੱਚ ਪਹੁੰਚੇ ਸਮੂਹ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ।