ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਨੂੰ ਬਣਾਇਆ ਜਾ ਰਿਹੈ ਕੂੜਾ ਮੁਕਤ ਰਾਜ ਭਰ ਵਿੱਚ ਚਲਾਈ ਜਾ ਰਹੀ
Publish Date: Sun, 20 Sep 2026 07:09 PM (IST)
Updated Date: Mon, 21 Sep 2026 04:06 AM (IST)
ਵਿਧਾਇਕ ਡਾ. ਵਿਜੈ ਸਿੰਗਲਾ ਨੇ ਲੋਕਾਂ ਨੂੰ ਸਰਗਰਮ ਯੋਗਦਾਨ ਦੀ ਕੀਤੀ ਅਪੀਲ ਵੱਖ-ਵੱਖ ਪਿੰਡਾਂ ਵਿੱਚ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਸਹੁੰ ਚੁਕਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਨੂੰ ਸਾਫ਼ - ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਜਾ ਰਿਹਾ ਹੈ। ਮੁਹਿੰਮ ਦਾ ਮੁੱਖ ਮਕਸਦ ਪਿੰਡਾਂ ਵਿੱਚ ਕੂੜੇ ਦੇ ਸੰਵੇਦਨਸ਼ੀਲ ਪੁਆਇੰਟਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਪੂਰੀ ਤਰ੍ਹਾਂ ਨਿਪਟਾਰਾ ਕਰਨਾ ਅਤੇ ਥਾਵਾਂ ਦੀ ਕਾਇਆ-ਕਲਪ ਕਰ ਕੇ ਆਮ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਵਸਨੀਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਸਹੁੰ ਚੁਕਾਈ ਗਈ। ਇਸ ਮੁਹਿੰਮ ਤਹਿਤ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਪਿੰਡਾਂ ਦੇ ਲੋਕਾਂ, ਨੌਜਵਾਨਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਫ਼ਾਈ ਕੇਵਲ ਸਰਕਾਰੀ ਵਿਭਾਗਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਾਡੀ ਸਾਰਿਆਂ ਦੀ ਸਾਂਝੀ ਨੈਤਿਕ ਡਿਊਟੀ ਹੈ। ਜੇਕਰ ਹਰ ਨਾਗਰਿਕ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦਾ ਪ੍ਰਣ ਲਵੇ ਤਾਂ ਪਿੰਡਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲੀ ਜਾ ਸਕਦੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੱਲੋਂ ਸਰਵੇਖਣ ਕਰਕੇ ਪਿੰਡਾਂ ਵਿੱਚ ਸਫ਼ਾਈ ਨਿਸ਼ਾਨਾ ਇਕਾਈਆਂ ਦੀ ਨਿਸ਼ਾਨਦੇਹੀ ਕੀਤੀ ਗਈ, ਜਿੱਥੇ ਲੰਮੇ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ। ਵਿਸ਼ੇਸ਼ ਸਫ਼ਾਈ ਅਭਿਆਨ ਚਲਾ ਕੇ ਇਨ੍ਹਾਂ ਥਾਵਾਂ ਤੋਂ ਕੂੜੇ ਦੇ ਢੇਰ ਚੁੱਕਵਾਏ ਗਏ ਅਤੇ ਮੁਕੰਮਲ ਸਫ਼ਾਈ ਕੀਤੀ ਗਈ। ਇਸ ਮੁਹਿੰਮ ਨੂੰ ਇੱਕ ਜਨ-ਅੰਦੋਲਨ ਦਾ ਰੂਪ ਦੇਣ ਲਈ ਪਿੰਡਾਂ ਦੇ ਨਾਗਰਿਕਾਂ, ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਰਹੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਸੁਰਮੁਖ ਸਿੰਘ ਵੱਲੋਂ ਪਿੰਡਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਅਤੇ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਨਿਪਟਾਰਾ ਕਰਨ, ਤਾਂ ਜੋ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਸਵੱਛ, ਨਰੋਆ ਅਤੇ ਸੁੰਦਰ ਬਣਾਇਆ ਜਾ ਸਕੇ।