ਮਾਤਾ ਬਲਵੀਰ ਕੌਰ ਨੂੰ ਵੱਖ-ਵੱਖ ਸਿਆਸੀ, ਸਮਾਜਿਕ ਤੇ ਪੱਤਰਕਾਰੀ ਖੇਤਰ ਦੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਮਾਤਾ ਬਲਵੀਰ ਕੌਰ ਨੂੰ ਵੱਖ-ਵੱਖ ਸਿਆਸੀ
Publish Date: Tue, 17 Nov 2026 05:44 PM (IST)
Updated Date: Tue, 17 Nov 2026 05:45 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਮਾਨ ਤੇ ਜਗਮੀਤ ਸਿੰਘ ਮਾਨ ਦੇ ਮਾਤਾ ਬਲਵੀਰ ਕੌਰ ਨਮਿੱਤ ਪਾਠ ਦੇ ਭੋਗ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ, ਮੌਜੂਦਾ ਤੇ ਸਾਬਕਾ ਵਿਧਾਇਕਾਂ, ਉੱਚ ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜਿਕ ਸ਼ਖ਼ਸੀਅਤਾਂ, ਕਿਸਾਨ ਆਗੂਆਂ ਤੇ ਪੱਤਰਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਆਗੂਆਂ ਨੇ ਮਾਤਾ ਬਲਵੀਰ ਕੌਰ ਵੱਲੋਂ ਪਰਿਵਾਰ ਨੂੰ ਦਿੱਤੇ ਸੰਸਕਾਰਾਂ, ਸਮਾਜਿਕ ਕਦਰਾਂ-ਕੀਮਤਾਂ, ਸਾਂਝੇ ਪਰਿਵਾਰ ਦੀ ਭਾਵਨਾ ਤੇ ਸੇਵਾ-ਭਾਵਨਾ ਦੀ ਸ਼ਲਾਘਾ ਕੀਤੀ। ਅਖ਼ਬਾਰਾਂ ਦੇ ਸੰਪਾਦਕਾਂ ਤੇ ਪੱਤਰਕਾਰਾਂ ਵੱਲੋਂ ਵੀ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ। ਆਗੂਆਂ ਨੇ ਕਿਹਾ ਕਿ ਮਾਤਾ ਬਲਵੀਰ ਕੌਰ ਦਾ ਜੀਵਨ ਮਮਤਾ, ਸਾਦਗੀ, ਸਹਿਣਸ਼ੀਲਤਾ ਅਤੇ ਪਰਿਵਾਰਕ ਸਾਂਝ ਦੀ ਮਿਸਾਲ ਸੀ। ਉਨ੍ਹਾਂ ਨੇ ਜਿੱਥੇ ਆਪਣੀ ਜ਼ਿੰਦਗੀ ਪਰਿਵਾਰ ਦੀ ਖ਼ੁਸ਼ਹਾਲੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਮਰਪਿਤ ਕੀਤੀ, ਉੱਥੇ ਉਹ ਆਪਣੇ ਮਿਲਾਪੜੇ ਸੁਭਾਅ ਅਤੇ ਸੇਵਾ ਭਾਵਨਾ ਸਦਕਾ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣੇ। ਉਨ੍ਹਾਂ ਦੇ ਘਰ ਹਮੇਸ਼ਾ ਆਉਣ-ਜਾਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਆਗੂਆਂ ਨੇ ਮਹਿਸੂਸ ਕੀਤਾ ਕਿ ਮਾਂ ਦਾ ਰਿਸ਼ਤਾ ਅਜਿਹਾ ਹੁੰਦਾ ਹੈ, ਜਿਸ ਦੀ ਅਹਿਮੀਅਤ ਉਸ ਦੀ ਮੌਜੂਦਗੀ ਵਿਚ ਵੀ ਮਹਿਸੂਸ ਹੁੰਦੀ ਹੈ ਅਤੇ ਵਿਛੋੜੇ ਮਗਰੋਂ ਵੀ ਹਰ ਪਲ ਉਸ ਦੀ ਕਮੀ ਰੜਕਦੀ ਰਹਿੰਦੀ ਹੈ। ਮਾਤਾ ਬਲਵੀਰ ਕੌਰ ਦੇ ਵਿਛੋੜੇ ਨਾਲ ਪਰਿਵਾਰ ਨੇ ਸਿਰਫ਼ ਇਕ ਜੀਅ ਹੀ ਨਹੀਂ, ਸਗੋਂ ਘਰ ਦੀ ਮਮਤਾ ਭਰੀ ਛਾਂ ਤੇ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਾਲਾ ਮਜ਼ਬੂਤ ਆਸਰਾ ਗੁਆ ਦਿੱਤਾ ਹੈ। ਉਨ੍ਹਾਂ ਵੱਲੋਂ ਦਿੱਤੇ ਸੰਸਕਾਰ, ਪਿਆਰ ਤੇ ਅਪਣੱਤ ਦੀ ਖ਼ੁਸ਼ਬੂ ਪਰਿਵਾਰ ਦੀਆਂ ਯਾਦਾਂ ਵਿਚ ਹਮੇਸ਼ਾ ਮਹਿਕਦੀ ਰਹੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਕਾਂਗਰਸ ਦੇ ਸੀਨੀਅਰ ਆਗੂ ਅਜੀਤ ਇੰਦਰ ਸਿੰਘ ਮੋਫ਼ਰ, ਸੀਨੀਅਰ ਆਈਪੀਐੱਸ ਅਧਿਕਾਰੀ ਡਾ. ਨਰਿੰਦਰ ਭਾਰਗਵ, ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਜੀਤ ਸਿੰਘ ਝਲਬੂਟੀ, ਕਰਮ ਸਿੰਘ ਚੌਹਾਨ, ਆਮ ਆਦਮੀ ਪਾਰਟੀ ਦੇ ਤਿੰਨੋਂ ਵਿਧਾਇਕ ਡਾ. ਵਿਜੈ ਸਿੰਗਲਾ ਮਾਨਸਾ, ਪ੍ਰਿੰਸੀਪਲ ਬੁੱਧ ਰਾਮ ਬੁਢਲਾਡਾ ਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਐਡਵੋਕੇਟ ਸਰਦੂਲਗੜ੍ਹ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਕਾਮਰੇਡ ਹਰਦੇਵ ਅਰਸ਼ੀ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਡਾ. ਰਣਜੀਤ ਸਿੰਘ ਰਾਏ, ਡਾ. ਜਨਕ ਰਾਜ ਸਿੰਗਲਾ, ਡਾ. ਸੰਦੀਪ ਘੰਡ ਐਡਵੋਕੇਟ, ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਰਘਵੀਰ ਸਿੰਘ ਮਾਨ, ਕਿਸਾਨ ਆਗੂ ਬੋਘ ਸਿੰਘ ਮਾਨਸਾ, ਰਾਮ ਸਿੰਘ ਭੈਣੀ ਬਾਘਾ, ਸੁਖਦਰਸ਼ਨ ਨੱਤ, ਰਾਜ ਕੁਮਾਰ ਝੁਨੀਰ, ਬਲਰਾਜ ਨੰਗਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।