ਸ਼ਹਿਰ ’ਚ ਟ੍ਰੈਫ਼ਿਕ ਸਮੱਸਿਆ ਤੋਂ ਲੋਕ ਪਰੇਸ਼ਾਨ
ਮਾਨਸਾ ਸ਼ਹਿਰ ਵਿੱਚ
Publish Date: Mon, 16 Feb 2026 08:17 PM (IST)
Updated Date: Tue, 17 Feb 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਵਿੱਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਟ੍ਰੈਫ਼ਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰੋਜ਼ਾਨਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਸਾਮਾਨ ਰੱਖ ਕੇ ਸੜਕਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ, ਜਦਕਿ ਸੜਕਾਂ ’ਤੇ ਖੜ੍ਹੀਆਂ ਰੇਹੜੀਆਂ ਤੇ ਬੱਸ ਅੱਡੇ ਦੇ ਅੱਗੇ ਖੜ੍ਹੇ ਆਟੋ ਵੀ ਟ੍ਰੈਫ਼ਿਕ ਵਿੱਚ ਵੱਡਾ ਵਿਘਨ ਪੈਦਾ ਕਰ ਰਹੇ ਹਨ। ਸਵੇਰ ਦੇ ਸਮੇਂ ਦਫ਼ਤਰ ਜਾਣ ਵਾਲੇ ਕਰਮਚਾਰੀਆਂ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੱਡੇ ਟ੍ਰੈਫ਼ਿਕ ਜਾਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੂੰ ਕਾਫ਼ੀ ਸਮਾਂ ਜਾਮ ਵਿੱਚ ਫ਼ਸੇ ਰਹਿਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਮੁਸ਼ਕਿਲ ਵੱਧ ਜਾਂਦੀ ਹੈ। ਖ਼ਾਸ ਤੌਰ ’ਤੇ ਬੱਸ ਅੱਡੇ ਦੇ ਅੱਗੇ ਖੜ੍ਹੇ ਆਟੋਆਂ ਕਾਰਨ ਬੱਸਾਂ ਦੇ ਆਉਣ–ਜਾਣ ਅਤੇ ਹੋਰ ਵਾਹਨਾਂ ਦੀ ਆਵਾਜਾਈ ’ਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ। ਭਾਵੇਂਕਿ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ ’ਤੇ ਟ੍ਰੈਫ਼ਿਕ ਮੁਲਾਜ਼ਮ ਲਗਾਤਾਰ ਡਿਊਟੀ ਨਿਭਾਅ ਰਹੇ ਹਨ, ਪਰ ਬੱਸ ਅੱਡੇ ਦੇ ਇਲਾਕੇ ਵਿਚ ਆਟੋਆਂ ਦੀ ਬੇਤਰਤੀਬ ਖੜਕਾਉਣ ਕਾਰਨ ਹਾਲਾਤ ਸੁਧਰਦੇ ਨਜ਼ਰ ਨਹੀਂ ਆ ਰਹੇ। ਉਧਰ ਭਾਵੇਂ ਨਗਰ ਕੌਂਸਲ ਵੱਲੋਂ ਕਦੇ ਕਦਾਈਂ ਕਈ ਦੁਕਾਨਾਂ ਅੱਗੇ ਰੱਖੇ ਹੋਏ ਬੋਰਡ ਜਾਂ ਕੋਈ ਕਬਜ਼ੇ ਹਟਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਪਰ ਹਾਲਾਤ ਨਹੀਂ ਸੁਧਰਦੇ ਦਿਖਾਈ ਦੇ ਰਹੇ। ਲੋਕਾਂ ਨੇ ਮੰਗ ਕੀਤੀ ਹੈ ਕਿ ਟ੍ਰੈਫ਼ਿਕ ਵਿਵਸਥਾ ਨੂੰ ਸੁਚੱਜਾ ਬਣਾਉਣ ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੁਰੰਤ ਧਿਆਨ ਦੇਣ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।