ਬਰੇਟਾ ’ਚ ਮਿਲਾਵਟੀ ਮਠਿਆਈ ਦਾ ਧੰਦਾ ਜ਼ੋਰਾਂ ’ਤੇ ਦੁਸਿਹਰਾ ਅਤੇ ਦੀਵਾਲੀ ਦੇ ਨੇੜੇ ਆਉਂਦਿਆਂ
Publish Date: Sun, 18 Oct 2026 05:51 PM (IST)
Updated Date: Sun, 18 Oct 2026 05:54 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਦੁਸ਼ਹਿਰਾ ਅਤੇ ਦੀਵਾਲੀ ਦੇ ਨੇੜੇ ਆਉਂਦਿਆਂ ਹੀ ਬਰੇਟਾ ਵਿਚ ਨਕਲੀ ਤੇ ਮਿਲਾਵਟੀ ਮਠਿਆਈ ਦਾ ਕਾਰੋਬਾਰ ਤੇਜ਼ ਹੋ ਗਿਆ ਹੈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਕਲੀ ਖੋਏ, ਸਿੰਥੈਟਿਕ ਦੁੱਧ, ਘਟੀਆ ਤੇਲ-ਘਿਓ ਤੇ ਹਾਨੀਕਾਰਕ ਰੰਗਾਂ ਨਾਲ ਤਿਆਰ ਮਠਿਆਈਆਂ ਖੁੱਲ੍ਹੇਆਮ ਵਿਕ ਰਹੀਆਂ ਹਨ, ਪਰ ਫੂਡ ਸੇਫਟੀ ਵਿਭਾਗ ਵੱਲੋਂ ਕੋਈ ਸਖ਼ਤ ਕਾਰਵਾਈ ਨਜ਼ਰ ਨਹੀਂ ਆ ਰਹੀ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਤਿਉਹਾਰਾਂ ਮੌਕੇ ਵਿਭਾਗ ਕੁਝ ਦਿਨ ਦਿਖਾਵੇ ਦੀ ਛਾਪੇਮਾਰੀ ਕਰਕੇ ਸਿਰਫ਼ ਸੈਂਪਲ ਭਰਨ ਦੀ ਰਸਮ ਪੂਰੀ ਕਰ ਦਿੰਦਾ ਹੈ। ਇਨ੍ਹਾਂ ਸੈਂਪਲਾਂ ਦੀਆਂ ਰਿਪੋਰਟਾਂ ਆਉਣ ਵਿਚ ਹਫ਼ਤੇ ਲੱਗ ਜਾਂਦੇ ਹਨ, ਉਦੋਂ ਤੱਕ ਮਠਿਆਈ ਲੋਕਾਂ ਦੇ ਪੇਟ ਵਿਚ ਪਹੁੰਚ ਚੁੱਕੀ ਹੁੰਦੀ ਹੈ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਗੱਲ ਤਾਂ ਦੂਰ, ਕਈ ਵਾਰ ਉਨ੍ਹਾਂ ਦੇ ਨਾਮ ਤੱਕ ਜਨਤਕ ਨਹੀਂ ਕੀਤੇ ਜਾਂਦੇ। ਸਹਿਯੋਗ ਕਲੱਬ ਦੇ ਮੈਂਬਰਾਂ ਬਲਵਿੰਦਰ ਸਿੰਘ, ਹੈਪੀ ਗਰਗ ਦਾ ਕਹਿਣਾ ਹੈ ਕਿ ਸਸਤੇ ਭਾਅ ਤੇ ਵਿਕ ਰਹੀ ਮਠਿਆਈ ਆਪਣੇ ਆਪ ਵਿਚ ਸ਼ੱਕ ਪੈਦਾ ਕਰਦੀ ਹੈ। ਸਭ ਨੂੰ ਪਤਾ ਹੈ ਕਿ ਕਿਹੜੀਆਂ ਥਾਵਾਂ ਤੇ ਇਹ ਧੰਦਾ ਚੱਲਦਾ ਹੈ, ਪਰ ਵਿਭਾਗ ਅੱਖਾਂ ਮੀਚੀ ਬੈਠਾ ਹੈ। ਕਈ ਲੋਕ ਇਹ ਵੀ ਕਹਿ ਰਹੇ ਹਨ ਕਿ ਵਿਭਾਗ ਦੀ ਇਹ ਚੁੱਪੀ ‘ਕੁੱਤੀ ਚੋਰਾਂ ਨਾਲ ਰਲੀ’ ਵਾਲੀ ਕਹਾਵਤ ਨੂੰ ਸੱਚ ਕਰਦੀ ਜਾਪਦੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਅਚਨਚੇਤ ਜਾਂਚ ਕੀਤੀ ਜਾਵੇ, ਸੈਂਪਲ ਫੇਲ੍ਹ ਹੋਣ ਤੇ ਦੁਕਾਨਦਾਰਾਂ ਦੇ ਨਾਮ ਜਨਤਕ ਕੀਤੇ ਜਾਣ ਅਤੇ ਦੋਸ਼ੀਆਂ ਦੇ ਲਾਇਸੈਂਸ ਰੱਦ ਕਰਕੇ ਮਾਮਲੇ ਦਰਜ ਹੋਣ। ਨਾਲ ਹੀ ਇਹ ਵੀ ਜਾਂਚ ਹੋਵੇ ਕਿ ਕਾਰਵਾਈ ਵਿਚ ਢਿੱਲ ਦੇ ਪਿੱਛੇ ਕੀ ਕਾਰਨ ਹਨ। ਇਸ ਸਬੰਧੀ ਫੂਡ ਸੇਫਟੀ ਅਫ਼ਸਰ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸਾਡੀ ਟੀਮ ਵੱਲੋਂ ਬਹੁਤ ਹੀ ਜਲਦ ਗੁਪਤ ਤੌਰ ਤੇ ਜ਼ਿਲੇ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।