ਕਾਲਜ ਦੇ ਗੇਟ ਅੱਗੇ ਬੱਸਾਂ ਨਾ ਰੁਕਣ ’ਤੇ ਕੀਤਾ ਰੋਸ ਮੁਜ਼ਾਹਰਾ
ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਅਰਵਿੰਦਰ ਕੌਰ
Publish Date: Tue, 17 Feb 2026 05:40 PM (IST)
Updated Date: Wed, 18 Feb 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਗੇਟ ਅੱਗੇ ਬੱਸਾਂ ਨਾ ਰੁੱਕਣ ਕਾਰਨ ਗੁੱਸੇ ’ਚ ਆਏ ਵਿਦਿਆਰਥੀਆਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਕਾਲਜ ਗੇਟ ਅੱਗੇ ਬੱਸਾਂ ਘੇਰੀਆਂ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਅਰਵਿੰਦਰ ਕੌਰ ਨੇ ਬੱਸ ਡਰਾਈਵਰਾਂ ਨੂੰ ਕਿਹਾ ਕਿ ਬੱਸਾਂ ਕਾਲਜ ਗੇਟ ਅੱਗੇ ਰੁੱਕ ਕੇ ਜਾਣ ਕਿਉਂਕਿ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਬਹੁਤ ਅਸਰ ਪੈਂਦਾ ਹੈ। ਵਿਦਿਆਰਥੀਆਂ ਨੂੰ ਹੋਰ ਵੀ ਆਉਣ ਜਾਣ ਵਿਚ ਪਰੇਸ਼ਾਨੀਆਂ ਆਉਂਦੀਆਂ ਹਨ। ਕਾਲਜ ਵਿੱਚ ਉਹ ਵਿਦਿਆਰਥੀ ਆਉਂਦੇ ਹਨ, ਜਿਨ੍ਹਾਂ ਦੇ ਪਿੰਡਾਂ ਨੂੰ ਬੱਸਾਂ ਬਹੁਤ ਘੱਟ ਮਾਨਸਾ ਤੱਕ ਆਉਂਦੀਆਂ ਹਨ। ਉਹ ਜਿਉਂ ਤਿਉਂ ਕਰ ਕੇ ਮਾਨਸਾ ਪਹੁੰਚਦੇ ਹਨ। ਪਰ ਮਾਨਸਾ ਆ ਕੇ ਉਨ੍ਹਾਂ ਨੂੰ ਕਾਲਜ ਆਉਣਾ ਹੋਰ ਵੀ ਮੁਸ਼ਕਿਲ ਲੱਗਦਾ ਹੈ। ਜਦ ਬੱਸ ਅੱਡੇ ਤੋਂ ਬੱਸਾਂ ਕਾਲਜ ਗੇਟ ਅੱਗੇ ਨਹੀਂ ਰੋਕਦੇ। ਵਿਦਿਆਰਥੀਆਂ ਦਾ ਜਿੱਥੇ ਮਾਪੇ ਪੜ੍ਹਾਈ ਦਾ ਖਰਚਾ ਮਸਾਂ ਚੁੱਕਦੇ ਹਨ, ਉੱਥੇ ਹੀ ਉਨ੍ਹਾਂ ਤੇ ਕਿਰਾਏ ਦਾ ਵੀ ਵਾਧੂ ਬੋਝ ਪੈਂਦਾ ਹੈ। ਮਾਨਸਾ ਦੀ ਤਿੰਨ ਕੋਨੀ ਤੋਂ ਵਿਦਿਆਰਥੀ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਆਉਣ ਲਈ ਮਜ਼ਬੂਰ ਹਨ। ਇਸ ਤਰਾਂ ਉਨ੍ਹਾਂ ਦਾ ਪੜ੍ਹਾਈ ਦਾ ਕੀਮਤੀ ਸਮਾਂ 6 ਕਿਲੋਮੀਟਰ ਪੈਦਲ ਆਉਣ-ਜਾਣ ਵਿੱਚ ਹੀ ਲੰਘ ਜਾਂਦਾ। ਸਾਹਿਬ ਸਿੰਘ ਨੇ ਕਿਹਾ ਪੀਆਰਟੀਸੀ ਬੱਸਾਂ ਪੰਜਾਬ ਸਰਕਾਰ ਦੀਆਂ ਰੈਲੀਆਂ ਦਾ ਸ਼ਿੰਗਾਰ ਬਣਦੀਆਂ ਜਾ ਰਹੀਆਂ ਹਨ, ਪ੍ਰੰਤੂ ਵਿਦਿਆਰਥੀਆਂ ਦੇ ਵਿੱਦਿਅਕ ਸੰਸਥਾਵਾਂ ਅੱਗੇ ਬੱਸਾਂ ਰੋਕਣ ਦਾ ਕੋਈ ਸਮਾਂ ਨਹੀਂ ਹੁੰਦਾ। ਪੜ੍ਹਾਈ ਦੇ ਹੁੰਦੇ ਨੁਕਸਾਨ ਨੂੰ ਵੇਖਦੇ ਹੋਏ ਵਿਦਿਆਰਥੀਆਂ ਨੇ ਅੱਜ ਬੱਸਾਂ ਕਾਲਜ ਗੇਟ ਅੱਗੇ ਘੇਰੀਆਂ। ਇਕਾਈ ਆਗੂ ਹਰਗੋਬਿੰਦ ਸਿੰਘ ਨੇ ਕਿਹਾ ਕੇ ਜੇਕਰ ਅਪੀਲ ਕਰਨ ਦੇ ਬਾਵਜੂਦ ਵੀ ਬੱਸਾਂ ਕਾਲਜ ਗੇਟ ਅੱਗੇ ਨਾ ਰੁਕੀਆਂ ਤਾ ਪ੍ਰਸ਼ਾਸਨ ਧਿਆਨ ਦਵੇ ਕਿ ਫ਼ਿਰ ਕਾਲਜ ਗੇਟ ਅੱਗੇ ਰੋਡ ਜਾਮ ਕੀਤਾ ਜਾਵੇਗਾ। ਇਸ ਸਮੇਂ ਇਕਾਈ ਆਗੂ ਸੰਦੀਪ ਕੌਰ, ਜਗਦੇਵ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹੁਸ਼ਨ ਸਿੰਘ, ਸਾਹਿਬ ਸਿੰਘ ਭਾਟੀਆਂ, ਹੋਰ ਕਾਲਜ ਵਿਦਿਆਰਥੀ ਸਨ ਤੇ ਹਮਾਈਤ ਲਈ ਵਿਦਿਆਰਥੀਆਂ ਜਥੇਬੰਦੀ ਆਈਸਾ ਵੱਲੋਂ ਸੁਖਜੀਤ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ, ਹਨੀ ਸ਼ਾਮਲ ਹੋਏ।