ਦਿੱਲੀ ਚੈਲੇਂਜਰਜ਼ ਦੀ 137 ਦੌੜਾਂ ਨਾਲ ਹੋਈ ਵੱਡੀ ਜਿੱਤ
9ਵੇਂ ਚੈਲੇਂਜਰ ਕੱਪ ਟੂਰਨਾਮੈਂਟ ਤਹਿਤ ਰਾਤ ਨੂੰ
Publish Date: Mon, 16 Feb 2026 05:48 PM (IST)
Updated Date: Tue, 17 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 9ਵੇਂ ਚੈਲੇਂਜਰ ਕੱਪ ਟੂਰਨਾਮੈਂਟ ਤਹਿਤ ਰਾਤ ਨੂੰ ਪਟਿਆਲਾ ਸ਼ਾਹੀ ਕਲੱਬ ਤੇ ਦਿੱਲੀ ਚੈਲੇਂਜਰਜ਼ ਕਲੱਬ ਦਰਮਿਆਨ ਮੈਚ ਖੇਡਿਆ ਗਿਆ। ਇਸ ਰੋਮਾਂਚਕ ਮੁਕਾਬਲੇ ਵਿੱਚ ਦਿੱਲੀ ਚੈਲੇਂਜ਼ਰ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਚ 137 ਦੌੜਾਂ ਨਾਲ ਆਪਣੇ ਨਾਮ ਕੀਤਾ। ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਖਿਡਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਖ਼ਾਸ ਤੌਰ ‘ਤੇ ਦਿੱਲੀ ਚੈਲੇਂਜਰਜ਼ ਦੇ ਅੰਤਰਰਾਸ਼ਟਰੀ ਖਿਡਾਰੀ ਰਿਸ਼ੀ ਧਵਨ ਨਾਲ ਮਿਲ ਕੇ ਉਨ੍ਹਾਂ ਨੂੰ ਮਾਨਸਾ ਆਉਣ ‘ਤੇ ਜੀ ਆਇਆਂ ਆਖਿਆ। ਇਸ ਮੌਕੇ ਡਾ. ਵਿਸ਼ਾਲ ਗਰਗ ਅਤੇ ਉਨ੍ਹਾਂ ਦੀ ਪਤਨੀ ਨਿਸ਼ੀ ਗਰਗ ਨੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਮੈਚ ਦੇ ਅੰਤ ‘ਚ ਰਿਸ਼ੀ ਧਵਨ ਨੂੰ ‘ਮੈਨ ਆਫ਼ ਦਿ ਮੈਚ’ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਕੁਮੈਂਟਰੀ ਦੌਰਾਨ ਅਜੇ ਕੁਮਾਰ (ਪਿੰਡ ਸਰਮੇਘਾ, ਜ਼ਿਲ੍ਹਾ ਰਿਆਸੀ, ਜੰਮੂ) ਅਤੇ ਵਿਸ਼ਾਲ ਸ਼ਰਮਾ ਵਿਕੀ ਨੇ ਦਰਸ਼ਕਾਂ ਨੂੰ ਸ਼ਾਨਦਾਰ ਕਮੈਂਟਰੀ ਨਾਲ ਖੂਬ ਮਨੋਰੰਜਨ ਦਿੱਤਾ। ਅੱਜ ਸਵੇਰ ਦੇ ਸਮੇਂ ਐਸ-ਇਲੈਵਨ ਯਮੁਨਾਨਗਰ ਵਿਰੁੱਧ ਪਟਿਆਲਾ ਸ਼ਾਹੀ ਕਲੱਬ ਦਰਮਿਆਨ ਮੈਚ ਖੇਡਿਆ ਗਿਆ।
ਇਸ ਮੁਕਾਬਲੇ ਵਿਚ ਪਟਿਆਲਾ ਸ਼ਾਹੀ ਕਲੱਬ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਗੁਨੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮੈਨ ਆਫ਼ ਦਿ ਮੈਚ ਦਾ ਖ਼ਿਤਾਬ ਹਾਸਲ ਕੀਤਾ। ਸਵੇਰ ਦੇ ਮੈਚ ਦੇ ਮੁੱਖ ਮਹਿਮਾਨ ਅਮਨ ਸਿੰਗਲਾ ਢੈਪਈ (ਕਾਂਗਰਸ ਨੇਤਾ ਅਤੇ ਪ੍ਰਧਾਨ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ, ਮਾਨਸਾ) ਰਹੇ। ਉਨ੍ਹਾਂ ਦੇ ਨਾਲ ਮੱਖਣ ਸਿੰਘ ਅਤੇ ਹੋਰ ਸਹਿਯੋਗੀ ਵੀ ਹਾਜ਼ਰ ਰਹੇ। ਇਸ ਮੌਕੇ ਅਮਨ ਸਿੰਗਲਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਉਨ੍ਹਾਂ ਨੇ ਟੂਰਨਾਮੈਂਟ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਟੂਰਨਾਮੈਂਟ ਆਰਗੇਨਾਈਜ਼ਿੰਗ ਟੀਮ ਦੇ ਮੈਂਬਰ ਵਿਨੈ ਪਾਲ, ਭਗਵਾਨ ਕਸਤੂਰੀ, ਜਗਮੋਹਨ ਸਿੰਘ, ਗੁਰਪ੍ਰੀਤ ਮੋਨੀ, ਦਲਜੀਤ ਬੀਟੂ, ਰਾਜਪ੍ਰੀਤ ਝੱਬਰ, ਸਹਿਜਪ੍ਰੀਤ ਸਿੰਘ, ਚਰਨਪ੍ਰੀਤ ਗਰੇਵਾਲ ਅਤੇ ਰਮਨਦੀਪ ਸਿੰਘ (ਫੂਡ ਕਮੇਟੀ ਇੰਚਾਰਜ) ਹਾਜ਼ਰ ਰਹੇ।