- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਦੇ 29ਵੇਂ ਕਲਾ ਕਿਤਾਬ ਮੇਲੇ ਦੇ ਤੀਜੇ ਅਤੇ ਆਖ਼ਰੀ ਦਿਨ ਪ੍ਰਸਿੱਧ ਨਾਟਕਕਾਰ ਡਾ਼ ਸਾਹਿਬ ਸਿੰਘ ਦੇ ਨਾਟਕ 'ਤੂੰ ਅਗਲਾ ਵਰਕਾ ਫ਼ੋਲ' ਦੇ ਮੰਚਨ ਨੇ ਦਰਸ਼ਕਾਂ ਨੂੰ ਝੰਜੋੜਿਆ। ਨਾਟਕ ਰਾਹੀਂ ਧਾਰਮਿਕ ਫਿਰਕਾਪ੍ਰਸਤੀ, ਸਾਮਰਾਜੀ ਜੰਗਾਂ ਅਤੇ ਰਾਜਨੀਤਿਕ ਅਣਮਨੁੱਖੀ ਵਰਤਾਰਿਆਂ ਨੂੰ ਵੰਗਾਰਿਆ ਗਿਆ। ਸਮਾਜ ਵਿੱਚ ਲੇਖਕ ਦੀ ਅਸਲ ਭੂਮਿਕਾ ਨੂੰ ਦਰਸਾਉਂਦੇ ਨਾਟਕ ਨੇ ਕਈ ਮਿੱਥਾਂ ਨੂੰ ਤੋੜਨ ਅਤੇ ਨਵੇਂ ਵਰਕਿਆਂ ਦੇ ਸਨਮੁੱਖ ਸਵਾਲ ਖੜ੍ਹੇ ਕੀਤੇ। ਪੇਸ਼ਕਾਰੀ ਏਨੀ ਪ੍ਰਭਾਵਸ਼ਾਲੀ ਸੀ ਕਿ ਪੰਡਾਲ ਤਾੜੀਆਂ ਨਾਲ਼ ਗੂੰਜਦਾ ਰਿਹਾ। ਮੇਲੇ ਬਾਰੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਮਰਹੂਮ ਜਤਿੰਦਰ ਬਰਾੜ ਨੂੰ ਸਮਰਪਿਤ ਸਵੇਰ ਦੇ ਸੈਸ਼ਨ ਵਿੱਚ ‘ਸਾਮਰਾਜੀ ਯੁੱਧ ਅਤੇ ਅਦਬ’ ਸਿਰਲੇਖ ਹੇਠ ਪੈਨਲ ਡਿਸਕਸ਼ਨ ਕੀਤੀ ਗਈ। ਉੱਘੇ ਤਰਕਸ਼ੀਲ ਆਗੂ ਪ੍ਰੋਫ਼ੈਸਰ ਰਾਜਪਾਲ ਸਿੰਘ ਨੇ ਵਿਸ਼ਵ ਸਾਹਿਤ ਦੇ ਹਵਾਲੇ ਨਾਲ ਯੁੱਧ ਵਿਰੁੱਧ ਸਾਹਿਤ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਹਿਤ ਦਾ ਮੁੱਖ ਕੰਮ ਮਾਨਵਤਾ ਦੇ ਹੱਕ ਵਿੱਚ ਖੜ੍ਹਨਾ ਹੈ। ਵਿਦਿਆਰਥੀ ਲਹਿਰ ਦੇ ਆਗੂ ਪ੍ਰੋ. ਅਜਾਇਬ ਸਿੰਘ ਟਿਵਾਣਾ ਨੇ ਸੰਸਾਰ ਜੰਗਾਂ ਬਾਰੇ ਇਸ ਦੇ ਆਰਥਿਕ, ਰਾਜਸੀ, ਨਸਲੀ ਅਤੇ ਸਾਮਰਾਜੀ ਕਾਰਕਾਂ ਬਾਰੇ ਜਾਣਕਾਰੀ ਦਿੰਦਿਆਂ ਸਾਮਰਾਜੀ ਤਾਕਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕੀਤੀ।
ਗੱਲਬਾਤ ਦੌਰਾਨ ਪ੍ਰਸਿੱਧ ਕਹਾਣੀਕਾਰ ਜਸਪਾਲ ਮਾਨਖੇੜਾ ਨੇ ਬਤੌਰ ਮਾਡਰੇਟਰ ਸਾਹਿਤ ਦੇ ਪ੍ਰਸੰਗ ਨਾਲ਼ ਚਰਚਾ ਕੀਤੀ। ਸਰਦਾਰ ਮੱਘਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਵਰਤਮਾਨ ਸਮੇਂ ਅਜਿਹੇ ਵਿਸ਼ਿਆਂ ’ਤੇ ਸਮਾਗਮ ਰਚਾਉਣ ਵਾਲੀ ਸੰਸਥਾ ਅਤੇ ਸਮੁੱਚੀ ਪ੍ਰਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ, ਜੋ ਮਾਨਵਤਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਲਗਾ ਰਹੀ ਹੈ। ਨਿਰੰਜਨ ਬੋਹਾ ਨੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਦੀ ਲੜੀ ਨੂੰ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਦਿਨ ਦੇ ਆਖਰੀ ਚਿੰਤਨੀ ਸੈਸ਼ਨ ਦੌਰਾਨ ਪ੍ਰਗਤੀਸ਼ੀਲ ਲੇਖਕ ਦੇ ਆਗੂ ਵਿਨੀਤ ਤਿਵਾੜੀ ਦਾ ਰੂਬਰੂ ਹੋਇਆ। ਚਰਚਾਕਾਰ ਡਾ਼ ਹਰਵਿੰਦਰ ਸਿੰਘ ਸਿਰਸਾ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਤਿਵਾੜੀ ਜੀ ਨੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮਨੁੱਖਤਾ ਵਿਰੁੱਧ ਰਚੇ ਜਾ ਰਹੇ ਏਜੰਡਿਆਂ ਬਾਰੇ ਗੱਲ ਕੀਤੀ। ਕੁਝ ਸਾਮਰਾਜੀ ਧਾਰਨਾ ਦੇ ਮੁਲਕ ਅਤੇ ਰਾਜਸੀ ਆਗੂ ਆਪਣੀ ਹੈਂਕੜ ਅਤੇ ਥਾਣੇਦਾਰੀ ਦਰਸਾਉਣ ਲਈ ਪੂਰੇ ਵਿਸ਼ਵ ਨੂੰ ਤੀਜੀ ਸੰਸਾਰ ਜੰਗ ਦੀ ਭੱਠੀ ਵਿੱਚ ਝੋਕ ਰਹੇ ਹਨ। ਅਸਲ ਵਿੱਚ ਵੱਖ -ਵੱਖ ਦੇਸ਼ਾਂ ਦੇ ਕੁਦਰਤੀ ਸਾਧਨਾਂ 'ਤੇ ਕਬਜ਼ਾ ਕਰਨਾ ਹੀ ਇਹਨਾਂ ਤਾਕਤਾਂ ਦਾ ਮੁੱਖ ਮਕਸਦ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੰਜਾਬ ਇਨ੍ਹਾਂ ਦੇ ਆਗੂ ਸੰਜੀਵਨ ਸਿੰਘ ਨੇ ਲੇਖਕਾਂ ਨੂੰ ਅਪੀਲ ਕੀਤੀ ਕਿ ਵਰਤਮਾਨ ਸਮੇਂ ਸਾਨੂੰ ਜੰਗ ਅਤੇ ਸਾਮਰਾਜੀ ਕਾਰਕਾਂ ਵਿਰੁੱਧ ਇੱਕਜੁੱਟ ਅਤੇ ਇੱਕਸੁਰ ਹੋਣ ਦੀ ਲੋੜ ਹੈ। ਉੱਘੇ ਇਤਿਹਾਸਕਾਰ ਸਵਰਨ ਸਿੰਘ ਵਿਰਕ ਨੇ ਪ੍ਰਧਾਨਗੀ ਟਿੱਪਣੀ ਕਰਦਿਆਂ ਜੰਗ ਦੇ ਮਾਰੂ ਪ੍ਰਭਾਵਾਂ ਅਤੇ ਮਨੁੱਖ ਨੂੰ ਦਰਪੇਸ਼ ਖਤਰਿਆਂ ਅਤੇ ਚੁਣੌਤੀਆਂ ਦੇ ਹਵਾਲੇ ਪੇਸ਼ ਕੀਤੇ। ਰਾਤ ਦੇ ਸੈਸ਼ਨ ਆਰੰਭ ਸ਼ਹੀਦ ਜਗਸੀਰ ਸਿੰਘ ਬੋਹਾ ਦੇ ਸਪੁੱਤਰ ਹਰਮਨਜੋਤ ਸਿੰਘ ਅਤੇ ਭਰਾ ਮੇਜਰ ਸਮੇਤ ਡਾ਼ ਬਿੱਕਰਜੀਤ ਸਿੰਘ ਸਾਧੂਵਾਲਾ, ਮਨਜੀਤ ਕੌਰ ਔਲਖ, ਪ੍ਰਿੰਸੀਪਲ ਦਰਸ਼ਨ ਸਿੰਘ, ਜੁਗਰਾਜ ਸਿੰਘ ਵੱਲੋਂ ਹਾਜ਼ਰ ਮਹਿਮਾਨਾਂ ਦੇ ਨਾਲ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਇਸ ਸੈਸ਼ਨ ਵਿੱਚ ਚਾਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਜਸਵਿੰਦਰ ਸਿੰਘ ਕਾਹਨ ਵੱਲੋਂ ਆਪਣੇ ਪਿਤਾ ਪ੍ਰੋਫੈਸਰ ਸੁਖਦੇਵ ਸਿੰਘ ਦੀ ਯਾਦ ਵਿੱਚ 'ਜਗਦੇ ਚਿਰਾਗ ਐਵਾਰਡ' ਤਰਕਸ਼ੀਲ ਆਗੂ ਪ੍ਰੋ. ਰਾਜਪਾਲ ਸਿੰਘ ਨੂੰ ਭੇਂਟ ਕੀਤਾ ਗਿਆ। ਗੁਰਪ੍ਰੀਤ ਸਿੰਘ ਬਾਲੀ ਅਤੇ ਰਾਜਵੀਰ ਕੌਰ ਵੱਲੋਂ ਆਪਣੇ ਪੁੱਤਰ ਮਰਹੂਮ ਜਸਕੀਰਤ ਸਿੰਘ ਸਿੱਧੂ ਦੀ ਯਾਦ ਵਿੱਚ 'ਘੁਮੱਕੜੀ ਅਦਬ ਐਵਾਰਡ ' ਘੁਮੱਕੜੀ ਅਤੇ ਅਦਬੀ ਸਿਰਜਕ ਨਿਰਮਲ ਸਿੰਘ ਨੂੰ ਦਿੱਤਾ ਗਿਆ ਜੋ ਕਿ ਲਗਾਤਾਰ ਸਾਈਕਲ ਤੇ ਭ੍ਰਮਣ ਕਰਨ ਦੇ ਨਾਲ਼-ਨਾਲ਼ ਸਾਹਿਤ ਅਤੇ ਫੋਟੋਗ੍ਰਾਫੀ ਰਾਹੀਂ ਕੁਦਰਤੀ ਨਜ਼ਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਸ਼ਹੀਦ ਭਗਤ ਸਿੰਘ ਕਲਾ ਕੇਂਦਰ ਦੇ ਸਹਿਯੋਗ ਨਾਲ ਮੰਚ ਦੇ ਅਦਾਕਾਰ ਅਤੇ ਕਾਮੇ ਮਰਹੂਮ ਜਤਿੰਦਰ ਬੋਹਾ ਦੀ ਯਾਦ ਵਿੱਚ 'ਜਤਿੰਦਰ ਯਾਦਗਾਰੀ ਐਵਾਰਡ’ ਰੰਗਮੰਚ ਨਾਲ਼ ਲੋਕ ਮਸਲਿਆਂ ਅਤੇ ਉਨ੍ਹਾਂ ਦੇ ਜੀਵਨ ਗਾਥਾ ਨੂੰ ਬਿਆਨ ਕਰਨ ਵਾਲੇ ਨੌਜਵਾਨ ਸੱਤਪਾਲ ਬੰਗਾ ਨੂੰ ਭੇਂਟ ਕੀਤਾ ਗਿਆ। ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਪ੍ਰਬੰਧਕੀ ਬੋਰਡ ਵੱਲੋਂ 'ਮੇਲੇ ਦਾ ਕਾਮਾ' ਐਵਾਰਡ ਮੰਚ ਦੇ ਮੁੱਢਲੇ ਦੌਰ ਦੇ ਵਲੰਟੀਅਰ, ਅਦਾਕਾਰ, ਲੇਖਕ ਅਤੇ ਗੁਰਨੈਬ ਮਘਾਣੀਆਂ ਨੂੰ ਦਿੱਤਾ ਗਿਆ। ਵੱਖ-ਵੱਖ ਸੈਸ਼ਨ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ਼ ਕੁਲਦੀਪ ਚੌਹਾਨ, ਜਗਜੀਵਨ ਆਲੀਕੇ,ਗਗਨ ਸ਼ਰਮਾ ਨੇ ਨਿਭਾਈ।
ਮੇਲੇ ਵਿੱਚ ਕਹਾਣੀਕਾਰ ਦਰਸ਼ਨ ਜੋਗਾ, ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸ਼ਾਇਰ ਗੁਰਪ੍ਰੀਤ, ਅਨੇਮਨ ਸਿੰਘ, ਅਸ਼ੋਕ ਬਾਂਸਲ, ਗੁਰਚੇਤ ਫੱਤੇਵਾਲੀਆ, ਡਾ਼ ਰਾਵਿੰਦਰ ਸਿੰਘ, ਸੁਪਨਦੀਪ ਕੌਰ, ਸੁਭਾਸ਼ ਬਿੱਟੂ, ਡਾ਼ ਅਜਮੀਤ ਲੀਜਾ, ਪ੍ਰੋਫੈਸਰ ਰਾਮ ਸਿੰਘ, ਮੁੱਖ ਅਧਿਆਪਕ ਪਰਮਜੀਤ ਕੌਰ, ਪ੍ਰਿੰਸੀਪਲ ਪਰਮਪ੍ਰੀਤ ਸਿੰਘ, ਕਮਲਜੀਤ ਕੌਰ, ਹਰਦੀਪ ਸਿੱਧੂ, ਇੰਦਰਜੀਤ ਜਾਦੂ, ਸੁਖਵੀਰ ਕੌਰ ਮਾਨ, ਜਗਰੂਪ ਉੱਡਤ, ਜਗਸੀਰ ਸ਼ੇਰਖਾਂ, ਸੰਤੋਖ ਸਾਗਰ, ਸੁਰਿੰਦਰ ਸਾਗਰ, ਰੂਹੀ ਸਿੰਘ, ਗੁਲ-ਆਬ, ਕ੍ਰਿਸ਼ਨ ਨਾਰਨੌਲੀਆ ਨੇ ਭਾਗ ਲਿਆ।