ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦਫ਼ਤਰ ਮਾਨਸਾ ਅੱਗੇ ਧਰਨਾ ਪ੍ਰਦਰਸ਼ਨ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ
Publish Date: Wed, 22 Jul 2026 06:52 PM (IST)
Updated Date: Thu, 23 Jul 2026 04:07 AM (IST)
* ਮੁਕਤ ਵਪਾਰ ਸਮਝੌਤੇ ਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਲਾਠੀਚਾਰਜ ਖਿਲਾਫ਼ ਪ੍ਰਗਟਾਇਆ ਰੋਸ * 21 ਜੁਲਾਈ ਨੂੰ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੀਤੀ ਸਖ਼ਤ ਨਿਖੇਧੀ ਫ਼ੋਟੋ : 13 ਐਮਏਐਨ ਕੈਪਸ਼ਨ : ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਪੰਜਾਬ ਵਿੱਚ ਭਾਜਪਾ ਦੇ ਦਫ਼ਤਰਾਂ ਅੱਗੇ ਧਰਨਾ ਪ੍ਰਦਰਸ਼ਨ, ਸਾਰੇ ਟੋਲ ਪਲਾਜ਼ੇ 12 ਵਜੇ ਤੋਂ 3 ਵਜੇ ਤੱਕ ਮੁਫ਼ਤ ਕੀਤੇ ਗਏ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਕੜੀ ਵਜੋਂ ਅੱਜ ਐੱਸਕੇਐੱਮ ਨਾਲ ਸਬੰਧਤ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮੁੱਖ ਦਫ਼ਤਰ ਭਾਜਪਾ ਜ਼ਿਲ੍ਹਾ ਮਾਨਸਾ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਤਾਂ ਇਹ ਸਾਰੇ ਦੇਸ਼ ਦੇ ਕਿਸਾਨਾਂ ਲਈ ਬਰਬਾਦੀ ਲੈ ਕੇ ਆਵੇਗਾ। ਅਮਰੀਕਾ ਤੋਂ ਜਿਨਸਾਂ ਤੇ ਭਾਰਤ ’ਚ ਦਾਖ਼ਲੇ ਨਾਲ ਭਾਰਤੀ ਜਿਨਸਾਂ ਦੀ ਬੇਕਦਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਇਹ ਸਮਝੌਤਾ ਕਰਦੀ ਹੈ ਤਾਂ ਅਗਲੇ ਹੀ ਦਿਨ ਸਾਰੇ ਭਾਰਤ ਵਿੱਚ ਰੇਲ ਰੋਕੋ, ਸੜਕ ਜਾਮ ਅਤੇ ਹੋਰ ਪ੍ਰੋਗਰਾਮ ਕੀਤੇ ਜਾਣਗੇ। ਇਸੇ ਦੌਰਾਨ ਦਿੱਲੀ ਵਿਖੇ ਜੰਤਰ ਮੰਤਰ ਤੋਂ ਪਾਰਲੀਮੈਂਟ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਤੇ ਬੀਤੇ ਦਿਨ੍ਹੀਂ ਕੀਤੇ ਲਾਠੀਚਾਰਜ ਅਤੇ ਅੱਥਰੂ ਗੈਸ ਸੁੱਟਣ ਖਿਲਾਫ਼, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਜ਼ਬਰ ਖਿਲਾਫ਼ ਅਤੇ 21 ਜੁਲਾਈ ਨੂੰ ਦਿੱਲੀ ਜਾ ਰਹੇ ਕਿਸਾਨਾਂ ਦਾ ਰਸਤਾ ਰੋਕਣ ਦੀ ਮੋਦੀ ਸਰਕਾਰ ਦੀ ਕਾਰਜਸ਼ੈਲੀ ਦੀ ਕਰੜੀ ਨਿੰਦਾ ਕੀਤੀ ਗਈ। ਉਨ੍ਹਾਂ ਦਿੱਲੀ ਵਿਖੇ ਵਿਦਿਆਰਥੀਆਂ ਤੇ ਕੀਤੇ ਜ਼ਬਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਹਰ ਸੰਘਰਸ਼ਸ਼ੀਲ ਤਬਕੇ ਨੂੰ ਲਾਠੀ ਅਤੇ ਗੋਲੀ ਨਾਲ ਦਬਾਉਣਾ ਚਾਹੁੰਦੀ ਹੈ ਪਰ ਸੰਘਰਸ਼ ਦੀ ਆਵਾਜ਼ ਨੂੰ ਲਾਠੀ ਦੇ ਜ਼ੋਰ ਨਾਲ ਕੁਚਲਿਆ ਨਹੀਂ ਜਾ ਸਕਦਾ। ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਵੱਲੋਂ ਬੀਤੇ ਦਿਨ੍ਹੀਂ ਦਿੱਲੀ ਜਾਣ ਵਾਲੇ ਕਿਸਾਨਾਂ ਦਾ ਰਸਤਾ ਰੋਕਣ ਤੇ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਇਸਨੂੰ ਮੋਦੀ ਸਰਕਾਰ ਦਾ ਹੰਕਾਰ ਕਰਾਰ ਦਿੱਤਾ। ਇਸ ਮੌਕੇ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਜਰੀਏ ਕਿਸਾਨਾਂ ਦੀ ਜਮੀਨ ਹੜਪਣ ਦੇ ਕਦਮ ਦਾ ਸਖਤ ਵਿਰੋਧ ਕੀਤਾ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਬਾਲਮ ਫਫੜੇ, ਭਾਕਿਯੂ ਏਕਤਾ ਡਕੌਂਦਾ ਦੇ ਲਖਵੀਰ ਸਿੰਘ ਅਕਲੀਆ, ਬਲਕਾਰ ਸਿੰਘ, ਭਾਕਿਯੂ ਏਕਤਾ ਉਗਰਾਹਾਂ ਦੇ ਰਾਮ ਸਿੰਘ ਭੈਣੀ ਬਾਘਾ, ਇੰਦਰਜੀਤ ਸਿੰਘ ਝੱਬਰ, ਭਾਕਿਯੂ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ, ਸੁਖਵਿੰਦਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋ, ਜੁਗਰਾਜ ਹੀਰਕੇ ਆਦਿ ਨੇ ਸੰਬੋਧਨ ਕੀਤਾ।