ਅਸਤੀਫ਼ੇ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ : ਸੋਢੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ
Publish Date: Thu, 17 Sep 2026 08:30 PM (IST)
Updated Date: Fri, 18 Sep 2026 04:15 AM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾਕਟਰ ਨਿਸ਼ਾਨ ਸਿੰਘ ਹਾਕਮ ਵਾਲਾ ਦੇ ਅਚਾਨਕ ਅਸਤੀਫ਼ੇ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਨਕ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਹਲਕਾ ਕੋਆਰਡੀਨੇਟਰ ਜਤਿੰਦਰ ਸਿੰਘ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰੋਕੇ ਦੀ ਅਗਵਾਈ ਹੇਠ ਰੱਖੀ ਗਈ। ਇਸ ਦੌਰਾਨ ਉਕਤ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਾਕਟਰ ਨਿਸ਼ਾਨ ਸਿੰਘ ਵੱਲੋਂ ਦਿੱਤੇ ਅਸਤੀਫੇ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਡਾਕਟਰ ਸਾਹਿਬ ਨੂੰ ਹਮੇਸ਼ਾ ਹੀ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਸੀ, ਪਰ ਡਾਕਟਰ ਨਿਸ਼ਾਨ ਸਿੰਘ ਵੱਲੋਂ ਇਹ ਅਸਤੀਫ਼ਾ ਕਿਉਂ ਦਿੱਤਾ ? ਜਿਉਂ ਹੀ ਹਲਕੇ ਅੰਦਰ ਡਾਕਟਰ ਨਿਸ਼ਾਨ ਸਿੰਘ ਦੇ ਅਸਤੀਫ਼ੇ ਦੀ ਖਬਰ ਪਹੁੰਚੀ ਤਾਂ ਸੋਸ਼ਲ ਮੀਡੀਆ ਤੇ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਸੁਨਣ ਨੂੰ ਮਿਲੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਡਾਕਟਰ ਨਿਸ਼ਾਨ ਸਿੰਘ, ਜਿੰਨ੍ਹਾਂ ਨੇ ਅਸਤੀਫ਼ੇ ਦਾ ਕਾਰਨ ਆਪਣੀ ਘਰੇਲੂ ਮਜ਼ਬੂਰੀਆਂ ਨੂੰ ਦੱਸਿਆ ਹੁਣ ਆਪਣਾ ਕਿੱਤਾ ਅਪਣਾਉਂਦੇ ਹਨ ਜਾਂ ਮੁੜ ਸਿਆਸਤ ਵੱਲ ਜਾਂਦੇ ਹਨ। ਇਸ ਮੌਕੇ ਸਮੂਹ ਅਕਾਲੀ ਵਰਕਰਾਂ ਵੱਲੋਂ ਪਾਰਟੀ ਦੇ ਹਿੱਤਾਂ ਤੇ ਪਹਿਰਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਜਿਸ ਵੀ ਆਗੂ ਨੂੰ ਹਲਕੇ ਦੀ ਕਮਾਂਡ ਦਿੱਤੀ ਜਾਵੇਗੀ। ਉਸ ਨੂੰ ਪੂਰ੍ਹੀ ਮਿਹਨਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ ਇੱਕ ਵਰਕਰ ਦੇ ਅਸਤੀਫ਼ੇ ਨਾਲ ਪਾਰਟੀ ਨੂੰ ਕੋਈ ਵੀ ਫ਼ਰਕ ਨਹੀਂ ਪੈਂਦਾ ਕਿਉਂਕਿ ਪਾਰਟੀ ਇੱਕ ਸਮੁੰਦਰ ਦੀ ਤਰ੍ਹਾਂ ਹੁੰਦੀ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਰਮੇਲ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਕਰਮਜੀਤ ਸਿੰਘ ਮਾਘੀ, ਰਜਿੰਦਰ ਸੈਣੀ ਝੰਡਾ, ਜਸਪਾਲ ਸਿੰਘ ਗੁੜਦੀ, ਨਛੱਤਰ ਸਿੰਘ ਬੱਛੂਆਣਾ, ਗੁਰਦੀਪ ਸਿੰਘ ਬੋਹਾ, ਗਗਨਦੀਪ ਉੱਪਲ ਬੋਹਾ, ਮੇਵਾ ਸਿੰਘ ਦੋਦੜਾ, ਜੱਸੂ ਕੁਲਰੀਆਂ, ਗੁਰਪ੍ਰੀਤ ਸਿੰਘ ਅਚਾਨਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।