ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਵੱਲੋਂ ਪੰਜਵੇਂ ਦਿਨ ਵੀ 'ਕਲਮ ਛੋੜ, ਕੰਪਿਊਟਰ ਬੰਦ' ਹੜ੍ਹਤਾਲ ਜਾਰੀ, ਮੀਂਹ ਦਰਮਿਆਨ ਡੀ.ਏ. ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਪ੍ਰਦਰਸ਼ਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ
Publish Date: Fri, 21 Aug 2026 05:00 PM (IST)
Updated Date: Fri, 21 Aug 2026 05:00 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਸੱਦੇ ਤੇ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਉਲੀਕੇ ਸੰਘਰਸ਼ ਤਹਿਤ ਪੰਜਵੇਂ ਦਿਨ ਵੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਪੂਰਨ ਤੌਰ ਤੇ ਜਾਰੀ ਰਹੀ। ਇਹ ਰੋਸ ਰੈਲੀ ਪ੍ਰਤਾਪ ਸਿੰਘ ਖੁਡਾਲ ਪ੍ਰਧਾਨ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਤੇ ਸਿਕੰਦਰ ਸਿੰਘ ਘਰਾਂਗਣਾ ਪ੍ਰਧਾਨ, ਪੈਨਸ਼ਨਰ ਯੂਨੀਅਨ ਦੀ ਸਾਂਝੀ ਅਗਵਾਈ ਹੇਠ ਕਰਵਾਈ ਗਈ। ਇਸ ਪ੍ਰਦਰਸ਼ਨ ਵਿਚ ਸਮੂਹ ਵਿਭਾਗਾਂ ਦੇ ਸਾਥੀਆਂ ਅਤੇ ਪੈਨਸ਼ਨਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖਰਾਬ ਮੌਸਮ ਤੇ ਤੇਜ਼ ਮੀਂਹ ਦੀ ਪਰਵਾਹ ਨਾ ਕਰਦਿਆਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤਾ ਨਾ ਜਾਰੀ ਸਬੰਧੀ ਜਾਰੀ ਕੀਤੇ ਗਏ ਕਥਿਤ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ। ਧਰਨੇ ਨੂੰ ਪ੍ਰਤਾਪ ਸਿੰਘ ਖੁਡਾਲ, ਸਿਕੰਦਰ ਸਿੰਘ ਘਰਾਂਗਣਾ ਅਤੇ ਜਸਵੰਤ ਸਿੰਘ ਮੋਜੋਂ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਣਦੇ ਹੱਕਾਂ ਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਹੋਰ ਜਾਇਜ ਮੰਗਾਂ ਦੇਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਡੀ ਏ ਨਾ ਜਾਰੀ ਕਰਨ ਦਾ ਨਵਾਂ ਪੱਤਰ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਹੈ, ਜੋ ਨਾ ਬਰਦਾਸ਼ਤ ਯੋਗ ਹੈ, ਜਿਸ ਸਬੰਧੀ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਬਹੁਤ ਜ਼ਿਆਦਾ ਰੋਸ ਹੈ। ਮੁਲਾਜ਼ਮਾਂ ਵੱਲੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਕਾਰਨ ਵੱਖ-ਵੱਖ ਸਰਕਾਰੀ ਦਫ਼ਤਰਾਂ, ਜਿਵੇਂ ਕਿ ਡੀ.ਸੀ. ਦਫ਼ਤਰ, ਤਹਿਸੀਲ, ਖਜ਼ਾਨਾ ਸਿਵਲ ਸਰਜਨ ਦਫ਼ਤਰ ਅਤੇ ਹੋਰ ਪ੍ਰਸ਼ਾਸਨਿਕ ਵਿਭਾਗਾਂ ਦੇ ਸਮੂਹ ਦਫਤਰਾਂ ਵਿੱਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਦਫ਼ਤਰਾਂ ਵਿੱਚ ਆਪਣੇ ਜ਼ਰੂਰੀ ਕੰਮਕਾਰਾਂ ਲਈ ਪਹੁੰਚ ਰਹੇ ਆਮ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਅਤੇ ਡੀ.ਏ. ਵਿਰੋਧੀ ਪੱਤਰ ਵਾਪਸ ਨਾ ਲਿਆ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਕੁੰਤਲਾ ਰਾਣੀ (ਸੁਪਰਡੰਟ ਗ੍ਰੇਡ 1), ਸਤਬੀਰ ਸਿੰਘ (ਸੁਪਰਡੰਟ ਰੈਵੀਨਿਊ), ਗੁਰਮੀਤ ਸਿੰਘ ਗਾਗੋਵਾਲ, ਪਰਵਿੰਦਰ ਕੌਰ, ਜਸਦੀਪ ਕੌਰ, ਗੁਰਪ੍ਰੀਤ ਕੌਰ, ਹਰਬੰਸ ਕੌਰ, ਪੂਜਾ ਰਾਣੀ, ਕਿਰਨਪਾਲ ਕੌਰ, ਹਰੀਸ਼ ਬਾਂਸਲ, ਰਣਦੀਪ ਕੁਮਾਰ, ਅਵਤਾਰ ਸਿੰਘ, ਰਵਨੀਤ ਸਿੰਘ, ਜਸਵੀਰ ਸਿੰਘ, ਮਨੋਜ ਸਿੰਗਲਾ, ਬਿੱਕਰ ਸਿੰਘ ਮਾਖਾ, ਰਾਮ ਸਿੰਘ ਖੋਖਰ, ਅਮਰਜੀਤ ਸਿੰਘ (ਪੁਲਿਸ ਪੈਨਸ਼ਨਰ), ਮਨਦੀਪ ਸਿੰਘ (ਪ੍ਰੈਸ ਸਕੱਤਰ), ਰਾਮ ਸਿੰਘ, ਹਰਮੰਦਰ ਸਿੰਘ, ਬਿੱਕਰ ਸਿੰਘ ਮੰਘਾਣੀਆਂ ਤੋਂ ਇਲਾਵਾ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਹਾਜ਼ਰ ਸਨ।