ਦੇਸ਼ ਅੰਦਰ ਅਡਾਨੀ ਤੇ ਅੰਬਾਨੀ ਦੇ ਮੁਨਾਫ਼ੇ ਲਈ ਜਨਤਾ ਨੂੰ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਦਲਦਲ ’ਚ ਸੁੱਟਿਆ ਜਾ ਰਿਹਾ ਹੈ : ਸਮਾਓਂ ਦੇਸ਼ ਅੰਦਰ ਅਡਾਨੀ ਤੇ ਅੰਬਾਨੀ
Publish Date: Sun, 23 Aug 2026 05:47 PM (IST)
Updated Date: Sun, 23 Aug 2026 05:48 PM (IST)
ਜ਼ਿਲ੍ਹਾ ਪੱਧਰੀ ਮਜ਼ਦੂਰ ਅਧਿਕਾਰ ਰੈਲੀ ਲਈ ਮਜ਼ਦੂਰਾਂ ਨੂੰ ਕੀਤਾ ਲਾਮਬੰਦ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਦੇਸ਼ ਅੰਦਰ ਅਡਾਨੀ ਤੇ ਅੰਬਾਨੀ ਦੇ ਮੁਨਾਫ਼ੇ ਲਈ ਜਨਤਾ ਨੂੰ ਬੇਰੁਜ਼ਗਾਰੀ ਤੇ ਮਹਿੰਗਾਈ ਦੀ ਦਲਦਲ ਵਿਚ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵੱਲੋਂ 24 ਸਤੰਬਰ ਨੂੰ ਰੱਖੀ ਮਾਨਸਾ ਜ਼ਿਲ੍ਹਾ ਪੱਧਰੀ ਮਜ਼ਦੂਰ ਅਧਿਕਾਰ ਰੈਲੀ ਦੀ ਤਿਆਰੀ ਲਈ ਮਜ਼ਦੂਰ ਏਕਤਾ ਲਾਮਬੰਦੀ ਮੁਹਿੰਮ ਤਹਿਤ ਪਿੰਡ ਅਤਲਾ ਕਲਾਂ, ਬੁਰਜ ਝੱਬਰ ਵਿਖੇ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਪੂੰਜੀਪਤੀਆਂ ਤੋਂ ਮੋਟਾ ਫੰਡ ਲੈਣ ਲਈ ਸਰਕਾਰਾਂ ਰੋਜਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟਾਂ ਵਿਚ ਵਾਧਾ ਕਰਕੇ ਮਹਿੰਗਾਈ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਖੰਡ, ਤੇਲ, ਗੁੜ ਸਮੇਤ ਘਰੇਲੂ ਚੀਜ਼ਾਂ ਦੇ ਵਧੇ ਛੜੱਪਾ ਮਾਰ ਰੇਟਾਂ ਨੇ ਗਰੀਬ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲਾਂ ਵਿਚ ਟੂ ਟੂ ਕਰਾਉਣ ਵਾਲੇ ਮੁੱਖ ਮੰਤਰੀ ਮਾਨ ਦੇ ਰਾਜ ’ਚ ਖੰਡ ਦੇ ਵਧੇ ਰੇਟਾਂ ਨੇ ਰਸੋਈ ਵਿਚ ਔਰਤਾਂ ਚੀਕਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰੰਗਲੇ ਪੰਜਾਬ ਵਿਚ ਮੁਲਾਜ਼ਮਾਂ ਤਨਖਾਹਾਂ, ਮਜ਼ਦੂਰ ਮਨਰੇਗਾ ਰੁਜ਼ਗਾਰ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਨਸ਼ੇ, ਗੁੰਡਾਗਰਦੀ ਤੇ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੈਲੀਆਂ ਵਿਚ ਇੱਕ ਦੂਜੇ ਖ਼ਿਲਾਫ਼ ਲਾਲਕਾਰੇ ਮਾਰਨ ਵਾਲੇ ਆਪ, ਅਕਾਲੀ, ਭਾਜਪਾ, ਕਾਂਗਰਸੀ ਲੀਡਰਾਂ ਕੋਲ ਪੰਜਾਬ ਤੇ ਲੋਕਾਂ ਦੇ ਭਲੇ ਲਈ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਿੱਖਿਆ, ਰੁਜ਼ਗਾਰ, ਇਲਾਜ, ਜ਼ਮੀਨਾਂ ਖੋਹਣ ਦੀਆਂ ਨੀਤੀਆਂ ਖਿਲਾਫ ਮਜ਼ਦੂਰ ਕਿਰਤੀ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਸੰਘਰਸ਼ ਕਰਨ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਮੁੜ ਬਹਾਲ ਕਰਾਉਣ, ਹਰ ਵਰਗ ਦੇ ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਾਉਣ, ਸਮੇਤ ਹੋਰ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਹਮ ਖਿਆਲ ਧਿਰਾਂ ਨਾਲ਼ ਮਿਲਕੇ ਪੰਜਾਬ ਅੰਦਰ ਮਜ਼ਦੂਰ ਲਹਿਰ ਖੜ੍ਹੀ ਕਰੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਸਕੱਤਰ ਮਨਜੀਤ ਕੌਰ ਜੋਗਾ, ਜ਼ਿਲ੍ਹਾ ਆਗੂ ਭੋਲ਼ਾ ਸਿੰਘ ਝੱਬਰ, ਗੁਲਾਬ ਸਿੰਘ ਖੀਵਾ, ਜੱਗਾਂ ਸਿੰਘ ਉੱਭਾ ਨੇ ਵੀ ਸੰਬੋਧਨ ਕੀਤਾ।