ਸਵ. ਰੇਸ਼ਮਾ ਦੇਵੀ ਦੀ ਮਿ੍ਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ ਰੇਸ਼ਮਾ ਦੇਵੀ ਪਤਨੀ ਸੱਤਪਾਲ ਕਾਂਸਲ ਦੀ ਮੌਤ
Publish Date: Tue, 10 Nov 2026 04:56 PM (IST)
Updated Date: Tue, 10 Nov 2026 05:00 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਰੇਸ਼ਮਾ ਦੇਵੀ ਪਤਨੀ ਸੱਤਪਾਲ ਕਾਂਸਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਅਪੈਕਸ ਕਲੱਬ ਮਾਨਸਾ ਦੀ ਸਰੀਰਦਾਨ ਮੁਹਿੰਮ ਤਹਿਤ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਰੇਸ਼ਮਾ ਦੇਵੀ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕਾ ਦੀ ਇੱਛਾ ਅਨੁਸਾਰ ਅੱਖਾਂ ਦਾਨ ਅਤੇ ਸ਼ਰੀਰਦਾਨ ਕਰਨ ਦਾ ਫੈਂਸਲਾ ਲਿਆ ਅਤੇ ਮੇਰੇ ਨਾਲ ਸੰਪਰਕ ਕੀਤਾ ਪਰਿਵਾਰ ਦੀ ਇੱਛਾ ਮੁਤਾਬਿਕ ਮਾਤਾ ਰੇਸ਼ਮਾ ਦੇਵੀ ਦੀਆਂ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਕਾਰਜ ਲਈ ਆਈ ਬੈਂਕ ਦੇ ਡਾਕਟਰਾਂ ਦੀ ਟੀਮ ਮਾਨਸਾ ਪਹੁੰਚ ਕੇ ਘਰ ਤੋਂ ਹੀ ਅੱਖਾਂ ਦਾਨ ਲੈ ਕੇ ਗਈ ਤੇ ਅੰਤਿਮ ਰਸਮਾਂ ਤੋਂ ਬਾਅਦ ਮਿ੍ਤਕ ਦੇਹ ਨੂੰ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਅਨਾਟਮੀ ਵਿਭਾਗ ਨੂੰ ਮੈਡੀਕਲ ਖੋਜਾਂ ਲਈ ਭੇਜ ਦਿੱਤਾ ਗਿਆ ਉਨ੍ਹਾਂ ਦੇ ਪੁੱਤਰ ਐਡਵੋਕੇਟ ਦੀਪਕ ਕਾਂਸਲ ਨੇ ਖੁਦ ਨਾਲ ਜਾ ਕੇ ਅਨਾਟਮੀ ਵਿਭਾਗ ਨੂੰ ਇਹ ਮ੍ਰਿਤਕ ਦੇਹ ਸੰਭਲਾਈ। ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਜਿੱਥੇ ਅੱਖਾਂ ਦਾਨ ਕਰਨ ਨਾਲ ਦੋ ਅੰਨੇ ਵਿਅਕਤੀਆਂ ਦੀ ਜ਼ਿੰਦਗੀ ਰੌਸ਼ਨ ਹੁੰਦੀ ਹੈ ਇਸ ਦੇ ਨਾਲ ਹੀ ਦਾਨ ਕੀਤੀ ਮਿ੍ਤਕ ਦੇਹ ਤੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਰਿਸਰਚ ਕਰਕੇ ਮੈਡੀਕਲ ਖੇਤਰ ਵਿਚ ਨਵੀਆਂ ਖੋਜਾਂ ਕਰਦੇ ਹਨ। ਇਸ ਮੌਕੇ ਡਾਕਟਰ ਪ੍ਰਸ਼ੋਤਮ ਗੋਇਲ, ਡਾਕਟਰ ਸੁਨੀਤ ਜਿੰਦਲ, ਡਾਕਟਰ ਪਿਯੂਸ਼ ਗੋਇਲ, ਅਸ਼ਵਨੀ ਜਿੰਦਲ, ਕਮਲ ਗਰਗ, ਐਡਵੋਕੇਟ ਵਨੀਤ ਗਰਗ, ਐਡਵੋਕੇਟ ਨਵਲ ਗੋਇਲ, ਐਡਵੋਕੇਟ ਸੁਨੀਲ ਬਾਂਸਲ, ਕੌਂਸਲਰ ਅਸ਼ੋਕ ਸਪੋਲੀਆ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਐਡਵੋਕੇਟ ਦੀਪਕ ਕਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸਵ ਰੇਸ਼ਮਾ ਦੇਵੀ ਜੀ ਨਮਿੱਤ ਅੰਤਿਮ ਅਰਦਾਸ ਮਿਤੀ 12-11-2026 ਦਿਨ ਵੀਰਵਾਰ ਨੂੰ ਸਥਾਨਕ ਗਊਸ਼ਾਲਾ ਭਵਨ ਦੇ ਬਲਾਕ ਏ ਵਿਖੇ ਦੁਪਹਿਰ 12-00 ਵਜੇ ਤੋਂ 1-00 ਵਜੇ ਤੱਕ ਹੋਵੇਗੀ।