ਝੋਟਾ ਦੀ ਸ਼ਹਾਦਤ ਮੀਲ ਪੱਥਰ ਸਾਬਤ ਹੋਵੇਗੀ : ਜਤਿੰਦਰ ਅਗਰਾ ਮਾਨਸਾ ਦੀ ਧਰਤੀ ਤੋਂ ਸ਼ੁਰੂ ਹੋਈ ਨਸ਼ਿਆਂ
Publish Date: Fri, 23 Oct 2026 06:23 PM (IST)
Updated Date: Sat, 24 Oct 2026 04:01 AM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਮਾਨਸਾ ਦੀ ਧਰਤੀ ਤੋਂ ਸ਼ੁਰੂ ਹੋਈ ਨਸ਼ਿਆਂ ਵਿਰੁੱਧ ਲਹਿਰ ਸਫ਼ਲਤਾ ਦੀਆਂ ਸਿਖਰਾਂ ਛੂਹੇਗੀ ਅਤੇ ਪੰਜਾਬ ਨੂੰ ਨਸ਼ਾ - ਮੁਕਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਏਗੀ। ਇਤਿਹਾਸ ਗਵਾਹ ਹੈ ਕਿ ਮਾਨਸਾ ਤੋਂ ਉੱਠੀਆਂ ਲੋਕ-ਲਹਿਰਾਂ ਨੇ ਹਮੇਸ਼ਾ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਸ਼ਹੀਦ ਪਰਵਿੰਦਰ ਸਿੰਘ ਝੋਟਾ ਇੱਕ ਬੇਮਿਸਾਲ ਖਿਡਾਰੀ ਸੀ ਉਸ ਨੇ ਜਲੰਧਰ ਦੇ ਖੇਡ ਸਕੂਲ ਵਿੱਚ ਮੁੱਕੇਬਾਜ਼ੀ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਮਾਨਸਾ ਆ ਕੇ ਉਸ ਨੇ ਆਪਣੇ ਸਾਥੀ ਕ੍ਰਿਕਟ ਖਿਡਾਰੀਆਂ ਨਾਲ ਮਿਲ ਕੇ ਖ਼ਾਲਸਾ ਕ੍ਰਿਕਟ ਗਰਾਊਂਡ ਨੂੰ ਵਧੀਆ ਰੂਪ ਦੇਣ ਲਈ ਸਖ਼ਤ ਮਿਹਨਤ ਕੀਤੀ ਅਤੇ ਆਪਣਾ ਪਸੀਨਾ ਵਹਾਇਆ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮਾਨਸਾ ਦੇ ਬਾਨੀ ਹੋਣ ਦੇ ਨਾਤੇ ਮੈਂ ਪਰਵਿੰਦਰ ਸਿੰਘ ਝੋਟਾ ਦੀ ਖੇਡ ਪ੍ਰਤੀ ਲਗਨ, ਮਿਹਨਤ ਅਤੇ ਜਜ਼ਬੇ ਨੂੰ ਨੇੜਿਉਂ ਦੇਖਿਆ ਹੈ। ਉਸ ਦੀ ਸ਼ਹਾਦਤ ਤੋਂ ਸਿਰਫ਼ ਦੋ ਦਿਨ ਪਹਿਲਾਂ, ਖ਼ਾਲਸਾ ਕ੍ਰਿਕਟ ਗਰਾਊਂਡ ਵਿਖੇ ਪ੍ਰੀਮੀਅਰ ਲੀਗ ਟੂਰਨਾਮੈਂਟ ਦੇ ਉਦਘਾਟਨ ਸਮੇਂ ਉਹ ਮੈਨੂੰ ਪੂਰੀ ਕ੍ਰਿਕਟ ਖਿਡਾਰੀ ਦੀ ਵਰਦੀ ਵਿੱਚ ਮਿਲਿਆ ਸੀ। ਉਹ ਇਸ ਟੂਰਨਾਮੈਂਟ ਵਿੱਚ ਖ਼ੁਦ ਖੇਡ ਰਿਹਾ ਸੀ। ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਦੋ ਦਿਨਾਂ ਬਾਅਦ ਇਹ ਹੋਣਹਾਰ ਖਿਡਾਰੀ ਸਾਡੇ ਵਿਚਕਾਰ ਨਹੀਂ ਰਹੇਗਾ। ਉਸ ਦੀ ਯਾਦ ਅੱਜ ਵੀ ਮਨ ਨੂੰ ਭਾਵੁਕ ਕਰ ਦਿੰਦੀ ਹੈ ਅਤੇ ਸਾਨੂੰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦੀ ਪ੍ਰੇਰਨਾ ਦਿੰਦੀ ਹੈ। ‘ਐਂਟੀ ਡਰੱਗ ਫੋਰਸ’ ਅਤੇ ਸੀਨੀਅਰ ਕ੍ਰਿਕਟ ਖਿਡਾਰੀ ਸਹਿਜਪ੍ਰੀਤ ਸਿੰਘ, ਕੋਚ ਵਿਨੈ ਪਾਲ ਗਿੱਲ, ਕੋਚ ਕਸਤੂਰੀ, ਗੁਰਪ੍ਰੀਤ ਸਿੰਘ ਮੋਨੀ ਅਤੇ ਰਾਜਦੀਪ ਸਿੰਘ ਝੱਬਰ ਸਮੇਤ ਹੋਰ ਸਾਥੀ ਇਸ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਡਟੇ ਹੋਏ ਹਨ। ਇਨ੍ਹਾਂ ਵੱਲੋਂ ਪਹਿਲੇ ਧਰਨੇ ਦੇ ਪਹਿਲੇ ਦਿਨ ਹੀ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਸਨਮਾਨ ਵਿੱਚ ਅਹਿਮ ਮੰਗਾਂ ਉਠਾਈਆਂ ਗਈਆਂ ਸਨ। ਇਨ੍ਹਾਂ ਮੰਗਾਂ ਅਨੁਸਾਰ ਖ਼ਾਲਸਾ ਕ੍ਰਿਕਟ ਗਰਾਊਂਡ ਦਾ ਨਾਮ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੇ ਨਾਮ ’ਤੇ ਰੱਖਿਆ ਜਾਵੇ ਅਤੇ ਪੰਜਾਬ ਦੇ ਸਾਰੇ ਸਟੇਡੀਅਮਾਂ ਵਿੱਚ ਉਸ ਦੇ ਸਨਮਾਨ ਵਜੋਂ ਬੁੱਤ ਸਥਾਪਿਤ ਕੀਤੇ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ਦੀ ਯਾਦ ਤੋਂ ਪ੍ਰੇਰਨਾ ਲੈਣ ਅਤੇ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ। ਸ਼ਹੀਦ ਪਰਵਿੰਦਰ ਸਿੰਘ ਝੋਟਾ ਨੂੰ ਸੱਚੀ ਸ਼ਰਧਾਂਜਲੀ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਹੀ ਹੋਵੇਗੀ।