ਮਾਨਸਾ ਜ਼ੋਨ ਦਾ ਖੇਤਰੀ ਯੂਥ ਫੈਸਟੀਵਲ 8 ਤੋਂ ਮਾਨਸਾ ਜ਼ੋਨ ਦਾ ਖੇਤਰੀ ਯੂਥ ਫੈਸਟੀਵਲ
Publish Date: Fri, 02 Oct 2026 07:13 PM (IST)
Updated Date: Fri, 02 Oct 2026 07:13 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ : ਮਾਨਸਾ ਜ਼ੋਨ ਦਾ ਖੇਤਰੀ ਯੂਥ ਫ਼ੈਸਟੀਵਲ 2026 ਜ਼ੋ ਕਿ ਸ਼ਿਵ ਸ਼ਕਤੀ ਗਰੁੱਪ ਆੱਫ਼ ਕਾਲਜ ਭੀਖੀ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ 8 ਅਕਤੂਬਰ ਤੋਂ ਪੰਜਾਬੀ ਸੱਭਿਆਚਾਰ ਤੇ ਕਲਾ ਦਾ ਰੰਗਾਰੰਗ ਸੰਗਮ ਦੇਖਣ ਨੂੰ ਮਿਲੇਗਾ। ਇਸ ਬਾਰੇ ਪ੍ਰੈਸ ਕਾਨਫ਼ਰੰਸ ਦੌਰਾਨ ਸ਼ਿਵ ਸ਼ਕਤੀ ਗਰੁੱਪ ਆਪ ਕਾਲਜ ਵੱਲੋਂ ਡਾ. ਸੋਮਨਾਥ ਮਹਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਮਾਨਸਾ ਜ਼ੋਨ ਦਾ ਚਾਰ ਰੋਜ਼ਾ ਖੇਤਰੀ ਯੂਥ ਫੈਸਟੀਵਲ (ਸੈਸ਼ਨ 2026) ਮਿਤੀ 8 , 9 , 10 ਅਤੇ 11 ਅਕਤੂਬਰ ਨੂੰ ਬੜੀ ਧੂਮਧਾਮ ਅਤੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਫ਼ੈਸਟੀਵਲ ਵਿੱਚ ਮਾਨਸਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ, ਸੰਗੀਤ, ਨਾਚ, ਥੀਏਟਰ ਅਤੇ ਹੋਰ ਰਚਨਾਤਮਕ ਵੰਨਗੀਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਚਾਰ ਰੋਜ਼ਾ ਸੱਭਿਆਚਾਰਕ ਮਹਾਕੁੰਭ ਵਿੱਚ ਮੁੱਖ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਪ੍ਰਧਾਨ (ਭਾਜਪਾ) ਕੇਵਲ ਸਿੰਘ ਢਿੱਲੋਂ, ਭੁਪਿੰਦਰ ਬਾਦਲ, ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ, ਪ੍ਰਿੰਸੀਪਲ ਬੁੱਧ ਰਾਮ ਐਮਐਲਏ ਹਲਕਾ ਬੁਢਲਾਡਾ , ਐੱਮਐੱਲਏ ਵਿਜੈ ਸਿੰਗਲਾ ਹਲਕਾ ਮਾਨਸਾ ਅਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਮਾਨਸਾ ਚੁਸ਼ਪਿੰਦਰਵੀਰ ਸਿੰਘ ਚਹਿਲ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਕਾਲਜਾਂ ਦੇ ਬਲਰਾਜ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਸ਼ਾਮਲ ਹੋ ਕੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣਗੇ। ਯੂਥ ਫੈਸਟੀਵਲ ਦੌਰਾਨ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੇ ਲੋਕ ਨਾਚ ਭੰਗੜਾ, ਗਿੱਧਾ, ਲੁੱਡੀ, ਲੋਕ ਸੰਗੀਤ, ਕਾਵਿ ਸ਼੍ਰੇਣੀਆਂ, ਚਿੱਤਰਕਾਰੀ ਅਤੇ ਹੋਰ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ।