ਪੰਜਵੇਂ ਦਿਨ ਵੀ ਨਹੀਂ ਹੋ ਸਕਿਆ ਪਰਵਿੰਦਰ ਸਿੰਘ ਝੋਟੇ ਦਾ ਸਸਕਾਰ ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼
Publish Date: Sat, 17 Oct 2026 08:22 PM (IST)
Updated Date: Sat, 17 Oct 2026 08:24 PM (IST)
ਪਰਵਿੰਦਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਂਦੇ ਰਹੇ ਸਿਆਸੀ, ਧਾਰਮਿਕ, ਸਮਾਜਸੇਵੀ ਤੇ ਦੂਰੋਂ ਦੂਰੋਂ ਹੋਰ ਲੋਕ ਨੌਜਵਾਨਾਂ ਖਿਲਾਫ ਦਰਜ ਕੇਸ ਰੱਦ ਕੀਤੇ ਜਾਣ : ਐਕਸ਼ਨ ਕਮੇਟੀ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਬਰਨਾਲਾ ਸਿਰਸਾ ਨੈਸ਼ਨਲ ਹਾਈਵੇ ਤੇ ਮਾਨਸਾ ਤਿੰਨਕੋਣੀ ਵਿਚ ਚੱਲ ਰਹੇ ਮੋਰਚੇ ਦੂਰਾਨ ਅੱਜ ਵੀ ਦੂਰ ਨੇੜਿਉਂ ਪਹੁੰਚੇ ਹਜ਼ਾਰਾਂ ਲੋਕਾਂ ਦੇ ਸ਼ਮੂਲੀਅਤ ਕਰਨ ਦੇ ਇਲਾਵਾ ਸਿਆਸੀ, ਧਾਰਮਿਕ, ਕਿਸਾਨ, ਮਜ਼ਦੂਰ, ਸਮਾਜ ਸੇਵੀ ਆਗੂ ਪਹੁੰਚਦੇ ਰਹੇ। ਵੱਖ ਵੱਖ ਖੇਤਰਾਂ ਤੇ ਸੰਗਠਨਾਂ ਦੇ ਉੱਘੇ ਆਗੂਆਂ ਨੇ ਮੋਰਚੇ ਵਿਚ ਸ਼ਾਮਲ ਹੋ ਨਸ਼ਿਆਂ ਦੀ ਰੋਕਥਾਮ ਲਈ ਲੜਦਿਆਂ ਜਾਨ ਵਾਰਨ ਵਾਲੇ ਪਰਵਿੰਦਰ ਸਿੰਘ ਇਨਸਾਫ਼ ਐਕਸ਼ਨ ਕਮੇਟੀ ਵੱਲੋਂ ਰੱਖੀਆਂ ਮੰਗਾਂ ਦੀ ਹਮਾਇਤ ਕਰਦਿਆਂ ਹਰ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਬੰਦ ਦੇ ਦਿਨ ਸਤਾਧਾਰੀ ਪਾਰਟੀ ਦੇ ਬੈਨਰ ਪਾੜ੍ਹਨ ਬਦਲੇ ਸਰਦੂਲਗੜ੍ਹ, ਜ਼ਿਲ੍ਹਾ ਸੰਗਰੂਰ, ਫ਼ਰੀਦਕੋਟ ਤੇ ਕਪੂਰਥਲਾ ਵਿਚ ਪੁਲਿਸ ਵੱਲੋਂ ਨੌਜਵਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਨਹੀਂ ਸਰਕਾਰ ਤੇ ਪੁਲਿਸ ਨੂੰ ਜਨਤਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਸ਼ਹੀਦ ਪਰਵਿੰਦਰ ਸਿੰਘ ਝੋਟੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸੂਬਾਈ ਲਿਬਰੇਸ਼ਨ ਆਗੂ ਸੁਰਿੰਦਰ ਪਾਲ ਸ਼ਰਮਾ, ਐਂਡ. ਹਰਮੀਤ ਕੌਰ ਬਰਾੜ, ਪ੍ਰੇਮ ਕੁਮਾਰ ਅਰੋੜਾ, ਨਰਿੰਦਰ ਸਿੰਘ ਮੁਲਤਾਨੀ, ਵਾਰਿਸ ਪੰਜਾਬ ਪਾਰਟੀ ਦੇ ਆਗੂ ਬਾਪੂ ਤਰਸੇਮ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਫੂਲ, ਮੁਨੀਸ਼ ਬੱਬੀ, ਸੁਖਦੇਵ ਸਿੰਘ ਭੁਪਾਲ, ਜਰਨੈਲ ਸਿੰਘ ਧੌਲਾ, ਪਰਮਜੀਤ ਸਿੰਘ ਨੰਗਲ ਕਲਾਂ, ਗੁਰਦੀਪ ਬਾਠ, ਰਾਜਬੀਰ ਸਿੰਘ ਗੇਹਲੇ, ਹਰਵਿੰਦਰ ਭਾਰਦਵਾਜ, ਸੁਦਾਗਰ ਸਿੰਘ ਰੱਲਾ, ਚਰਨਜੀਤ ਕੌਰ ਤੇ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਏਆਈਐਸਐਫ) ਦੀ ਆਗੂ ਖੁਸ਼ਪਿੰਦਰ ਕੌਰ ਚੋਹਾਨ ਨੇ ਪਰਵਿੰਦਰ ਸਿੰਘ ਝੋਟਾ ਐਕਸ਼ਨ ਕਮੇਟੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਬੇਖੌਫ਼ ਹੋ ਕੇ ਲੜਣ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਦਿਨ ਦਿਹਾੜੇ ਕਤਲ ਸਮੇਂ ਦੇ ਹਾਕਮਾਂ ਤੇ ਬਹੁਤ ਵੱਡਾ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਲੜਨ ਵਾਲੇ ਨੋਜਵਾਨ ਵੱਲੋਂ ਜਨਤਕ ਕੀਤੇ ਨਸ਼ਾ ਤਸਕਰਾਂ ਨੂੰ ਜੇਕਰ ਕਾਬੂ ਕੀਤਾ ਹੁੰਦਾ ਤਾਂ ਅੱਜ ਅਜਿਹਾ ਨਾ ਹੁੰਦਾ ਤੇ ਧਰਨੇ ਨਾ ਲਗਾਉਣੇ ਪੈਂਦੇ। ਵਿਦਿਆਰਥੀਆਂ ਆਗੂ ਚੋਹਾਨ ਨੇ ਪਰਮਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਨੋਜਵਾਨ ਵਿਦਿਆਰਥੀਆਂ ਨੂੰ ਮਾਨਸਾ ਧਰਨੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ ਤੇ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਤੇਜ਼ੀ ਨਾਲ ਲੜਿਆ ਜਾਵੇਗਾ।