ਸ਼ਹੀਦ ਦੀ ਪਤਨੀ ਨੂੰ ਸੀਐੱਮ ਨਾਲ ਨਾ ਮਿਲਣ ਦੇਣ ਦਾ ਮਾਮਲਾ ਚਰਚਾ ‘ਚ ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ
Publish Date: Tue, 06 Oct 2026 05:03 PM (IST)
Updated Date: Tue, 06 Oct 2026 05:05 PM (IST)
ਲੋਕਲ ਮੀਡੀਆ ਤੋਂ ਬਣਾਈ ਦੂਰੀ ਅਤੇ ਕਵਰੇਜ਼ ਲਈ ਪੱਤਰਕਾਰ ਬਾਹਰੋਂ ਬੁਲਾਏ ਗਏ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਵਿਖੇ ਬੀਤੀ ਸ਼ਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਮੁੱਖ ਮੰਤਰੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਪ੍ਰੋਗਰਾਮ ਦੌਰਾਨ ਫੱਤਾ ਮਾਲੋਕਾ ਦੇ ਸ਼ਹੀਦ ਸੁਖਵੀਰ ਸਿੰਘ ਫ਼ੌਜੀ ਦੀ ਪਤਨੀ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਹੋਣ ਦੇਣ ਦਾ ਮਾਮਲਾ ਵੀ ਚਰਚਾ ਵਿੱਚ ਹੈ। ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ ਨਾਲ ਸਬੰਧਤ ਸ਼ਹੀਦ ਦੀ ਪਤਨੀ ਮੁੱਖ ਮੰਤਰੀ ਨੂੰ ਮਿਲ ਕੇ ਆਪਣੀ ਸਮੱਸਿਆ ਦੱਸਣਾ ਚਾਹੁੰਦੀ ਸੀ, ਪਰੰਤੂ ਉਹ ਮੁੱਖ ਮੰਤਰੀ ਤੱਕ ਨਹੀਂ ਪਹੁੰਚ ਸਕੀ। ਇਸ ਦੌਰਾਨ ਉਹ ਭਾਵੁਕ ਹੋ ਕੇ ਰੋਂਦੀ ਹੋਈ ਸਰਕਾਰ ਪ੍ਰਤੀ ਆਪਣਾ ਦੁੱਖ ਪ੍ਰਗਟ ਕਰਦੀ ਨਜ਼ਰ ਆਈ। ਸ਼ਹੀਦ ਦੀ ਪਤਨੀ ਨੇ ਰੋਂਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ। ਉਹ ਆਪਣੀ ਗੱਲ ਮੁੱਖ ਮੰਤਰੀ ਤੱਕ ਪਹੁੰਚਾਉਣਾ ਚਾਹੁੰਦੀ ਸੀ। ਉਸ ਦੀ ਇਹ ਹਾਲਤ ਦੇਖ ਕੇ ਮੌਕੇ ਤੇ ਮੌਜੂਦ ਲੋਕਾਂ ਵਿੱਚ ਵੀ ਚਰਚਾ ਛਿੜ ਗਈ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਕਵਰੇਜ਼ ਨੂੰ ਲੈ ਕੇ ਵੀ ਸਥਾਨਕ ਪੱਤਰਕਾਰਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ। ਪੱਤਰਕਾਰਾਂ ਨੂੰ ਸੱਦਾ ਪੱਤਰ ਜ਼ਰੂਰ ਦਿੱਤਾ ਗਿਆ ਪ੍ਰੰਤੂ ਮੁੱਖ ਮੰਤਰੀ ਅਤੇ ਹੋਰ ਨੇਤਾਵਾਂ ਵੱਲੋਂ ਲੋਕਲ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ। ਦੋਸ਼ ਹੈ ਕਿ ਜ਼ਿਲ੍ਹਾ ਮਾਨਸਾ ਦੇ ਸਥਾਨਕ ਪੱਤਰਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਦਕਿ ਪ੍ਰੋਗਰਾਮ ਦੀ ਕਵਰੇਜ ਲਈ ਉੱਤਰ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ਤੇ ਪੱਤਰਕਾਰ ਬੁਲਾਏ ਗਏ। ਇਸ ਮਾਮਲੇ ਨੂੰ ਲੈ ਕੇ ਸਥਾਨਕ ਪੱਤਰਕਾਰ ਭਾਈਚਾਰੇ ਵਿੱਚ ਵੀ ਸਵਾਲ ਉੱਠ ਰਹੇ ਹਨ। ਇੱਕ ਪਾਸੇ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਲੋਕ ਮਿਲਣੀਆਂ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਆਪਣੇ ਹੀ ਪਿੰਡ ਵਿੱਚ ਇੱਕ ਸ਼ਹੀਦ ਦੀ ਪਤਨੀ ਦਾ ਮੁੱਖ ਮੰਤਰੀ ਤੱਕ ਨਾ ਪਹੁੰਚ ਸਕਣਾ ਪ੍ਰਸ਼ਾਸਨਿਕ ਪ੍ਰਬੰਧਾਂ ਅਤੇ ਲੋਕ ਮਿਲਣੀ ਦੇ ਮਕਸਦ ਤੇ ਸਵਾਲ ਖੜ੍ਹੇ ਕਰਦਾ ਹੈ।