ਸਰਹਿੰਦ ਚੋਅ ਦਾ ਨੀਵਾਂ ਪੁਲ ਨਵੇਂ ਸਿਰਿਓਂ ਬਣਾਉਣ ਦੀ ਮੰਗ
ਪਿੰਡ ਹੀਰੋਂ ਖ਼ੁਰਦ ਜ਼ਿਲ੍ਹਾ ਮਾਨਸਾ ਦਾ
Publish Date: Fri, 03 Apr 2026 07:06 PM (IST)
Updated Date: Sat, 04 Apr 2026 04:10 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪਿੰਡ ਹੀਰੋਂ ਖ਼ੁਰਦ ਜ਼ਿਲ੍ਹਾ ਮਾਨਸਾ ਦਾ ਅਖ਼ੀਰਲਾ ਪਿੰਡ ਹੈ, ਜਿਸਦੀ ਹੱਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਨਾਲ਼ ਲੱਗਦੀ ਹੈ। ਇਸ ਕਰਕੇ ਲੋਕਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਗਵਾਂਢੀ ਪੰਜਾਬ ਦਾ ਮੁੱਖ ਮੰਤਰੀ ਹੈ। ਪਿੰਡ ਦੇ ਲੋਕਾਂ ਦੀ ਮੁੱਖ ਮੰਗ ਇਸ ਪਿੰਡ ਦੇ ਕੋਲੋਂ ਲੰਘਦੇ ਸਰਹਿੰਦ ਚੋਅ 'ਤੇ ਬਣੇ ਅਤਿ ਨੀਵੇਂ ਪੁਲ ਨੂੰ ਉੱਚਾ ਚੁੱਕ ਕੇ ਬਣਾਉਣ ਦੀ ਹੈ। ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ ਰਾਹੀਂ ਪੁਲ ਨੂੰ ਨਵੇਂ ਸਿਰਿਓਂ ਬਣਾਉਣ ਸਬੰਧੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਪਰ ਕਈ ਸਾਲ ਲੰਘ ਜਾਣ ਦੇ ਬਾਵਜੂਦ ਇਹ ਮਸਲਾ ਹੱਲ ਨਹੀਂ ਹੋ ਰਿਹਾ। ਬੇਸ਼ੱਕ ਪਿੰਡ ਸਤੌਜ ਵਿਖ਼ੇ ਸਰਹਿੰਦ ਚੋਅ 'ਤੇ ਦੂਜਾ ਪੁਲ ਵੀ ਬਣ ਕੇ ਤਿਆਰ ਹੋ ਗਿਆ ਹੈ, ਪਰ ਇਸ ਪੁਲ ਦੀ ਕਦੋਂ ਸੁਣੀ ਜਾਵੇਗੀ। ਹੁਣ ਅੱਗੇ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੌਰਾਨ ਸਰਹਿੰਦ ਚੋਅ ਵਿੱਚ ਪਾਣੀ ਦੀ ਮਿਕਦਾਰ ਵਧ ਜਾਣ ਕਾਰਨ ਪਾਣੀ ਪੁਲ ਦੇ ਉੱਪਰੋਂ ਲੰਘਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ਼ ਹਰ ਵਰ੍ਹੇ ਚੋਅ ਟੁੱਟਣ ਦਾ ਖਤਰਾ ਬਣ ਜਾਂਦਾ ਹੈ ਤੇ ਪਾਣੀ ਦਾ ਵਹਾਅ ਪੁਲ ਉਪਰ ਦੀ ਹੋ ਜਾਣ ਕਾਰਨ ਲੋਕਾਂ ਦਾ ਚੀਮਾ, ਸੁਨਾਮ ਤੇ ਭੀਖੀ ਨੂੰ ਸਿੱਧਾ ਜਾਣ ਲਈ ਬਣੇ ਰਸਤੇ ਦਾ ਸੰਪਰਕ ਟੁੱਟ ਜਾਂਦਾ ਹੈ। ਇਸ ਪਾਸੇ ਵੱਲ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਆਉਣ ਜਾਣ ਲਈ ਪਿੰਡ ਸਤੌਜ ਵਿੱਚ ਦੀ ਘੁੰਮ ਕੇ ਆਉਣਾ ਪੈਂਦਾ ਹੈ।ਹੁਣ ਗੁਆਂਢ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਇਹ ਪੁਲ ਨਵੇਂ ਸਿਰੇ ਤੋਂ ਨਾ ਬਣਿਆ ਤਾਂ ਪਿੰਡ ਵਾਸੀਆਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਪਿੰਡ ਦੀ ਪੰਚਾਇਤ ਤੇ ਨਗਰ ਹੀਰੋਂ ਖ਼ੁਰਦ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਹ ਪੁਲ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਕਿ ਕਿਸਾਨ ਵਰਗ ਤੇ ਆਮ ਲੋਕਾਂ ਦੀ ਇਸ ਦਿੱਕਤ ਦਾ ਪੱਕਾ ਹੱਲ ਹੋ ਸਕੇ।