ਗਣੇਸ਼ ਚਤੁਰਥੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ
Publish Date: Thu, 17 Sep 2026 05:49 PM (IST)
Updated Date: Fri, 18 Sep 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਫ਼ਲਾਇੰਗ ਬਰਡਜ਼ ਸਕੂਲ ਮਾਨਸਾ ਵਿਖੇ ਗਣੇਸ਼ ਚਤੁਰਥੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਬੱਚਿਆਂ ਲਈ ਵੱਖ ਵੱਖ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਾਈਆਂ ਗਈਆਂ, ਜਿਨ੍ਹਾਂ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਵਿਸ਼ੇਸ਼ ਦਿਨ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਭਗਵਾਨ ਗਣੇਸ਼ ਜੀ ਨਾਲ ਜਾਣੂ ਕਰਵਾਇਆ। ਬੱਚਿਆਂ ਨੂੰ ਦੱਸਿਆ ਗਿਆ ਕਿ ਭਗਵਾਨ ਗਣੇਸ਼ ਜੀ ਨੂੰ ਗਿਆਨ, ਸ਼ੁਭਤਾ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਧਿਆਪਕਾਂ ਨੇ ਬੱਚਿਆਂ ਨੂੰ ਗਣੇਸ਼ ਚਤੁਰਥੀ ਦੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਮਝਾਇਆ ਕਿ ਇਹ ਤਿਉਹਾਰ ਭਗਵਾਨ ਗਣੇਸ਼ ਜੀ ਦੇ ਜਨਮ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਸਕੂਲ ਵਿੱਚ ਬੱਚਿਆਂ ਨੇ ਗਣੇਸ਼ ਜੀ ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ, ਜਿਵੇਂ ਕਿ ਗਣੇਸ਼ ਜੀ ਦੀਆਂ ਤਸਵੀਰਾਂ ਬਣਾਉਣਾ, ਰੰਗ ਭਰਨਾ, ਕਲਾ ਅਤੇ ਕਰਾਫ਼ਟ ਆਦਿ ਵਿੱਚ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਰਚਨਾਤਮਕਤਾ ਦੇ ਨਾਲ ਨਾਲ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੋਇਆ। ਅਧਿਆਪਕਾਂ ਨੇ ਬੱਚਿਆਂ ਨੂੰ ਤਿਉਹਾਰਾਂ ਨੂੰ ਪਿਆਰ, ਸਤਿਕਾਰ ਨਾਲ ਮਨਾਉਣ ਦਾ ਸੰਦੇਸ਼ ਵੀ ਦਿੱਤਾ। ਸਕੂਲ ਦੀ ਪ੍ਰਿੰਸੀਪਲ ਮਿਸ ਝਿਲਮਿਲ ਬਾਠਲਾ ਨੇ ਬੱਚਿਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਪੂਰ੍ਹਾ ਸਮਾਗਮ ਖੁਸ਼ੀ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਸੰਪੰਨ ਹੋਇਆ।