ਜੀਆਈਐੱਮਟੀ ਕਾਲਜ ’ਚ ਚੇਤਰ ਨਰਾਤੇ ਅਸ਼ਟਮੀ ਮਨਾਈ
ਸੇਵਾ ਭਾਰਤੀ ਸੰਸਥਾ ਬੁਢਲਾਡਾ ਵੱਲੋਂ ਜੀਆਈਐਮਟੀ
Publish Date: Thu, 26 Mar 2026 05:42 PM (IST)
Updated Date: Thu, 26 Mar 2026 05:44 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਸੇਵਾ ਭਾਰਤੀ ਸੰਸਥਾ ਬੁਢਲਾਡਾ ਵੱਲੋਂ ਜੀਆਈਐੱਮਟੀ ਕਾਲਜ ਦੇ ਸਹਿਯੋਗ ਨਾਲ ਚੇਤਰ ਨਰਾਤੇ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਅਤੇ ਸੇਵਾ ਭਾਰਤੀ ਸੰਸਥਾ ਦੇ ਮੈਂਬਰਾਂ ਵੱਲੋਂ ਕੰਜਕਾਂ ਦੀ ਪੂਜਾ ਕੀਤੀ ਗਈ ਅਤੇ ਉਨ੍ਹਾਂ ਨੂੰ ਮਾਤਾ ਦਾ ਰੂਪ ਮੰਨਦੇ ਹੋਏ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਦੀ ਅਰਦਾਸ ਨਾਲ ਕੀਤੀ ਗਈ। ਇਸ ਤੋਂ ਬਾਅਦ ਛੋਟੀਆਂ ਕੰਜਕਾਂ ਦੇ ਪੈਰ ਧੋ ਕੇ ਉਨ੍ਹਾਂ ਦੀ ਵਿਧੀਵਤ ਪੂਜਾ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰਸਾਦ ਵਜੋਂ ਚਨੇ ਅਤੇ ਹਲਵਾ ਭੇਟ ਕੀਤਾ ਗਿਆ। ਨਾਲ ਹੀ ਕੰਜਕਾਂ ਨੂੰ ਫਲ, ਚੁੰਨੀ ਅਤੇ ਹੋਰ ਭੇਂਟਾਂ ਵੀ ਦਿੱਤੀਆਂ ਗਈਆਂ। ਇਹ ਧਾਰਮਿਕ ਸਮਾਗਮ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਅਤੇ ਸੇਵਾ ਭਾਰਤੀ ਸੰਸਥਾ ਦੇ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਅਤੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਨਰਾਤਿਆਂ ਦਾ ਤਿਉਹਾਰ ਸਾਨੂੰ ਨਾਰੀ ਸ਼ਕਤੀ ਦਾ ਸਤਿਕਾਰ ਕਰਨ ਅਤੇ ਸਮਾਜ ਵਿੱਚ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ। ਸੇਵਾ ਭਾਰਤੀ ਸੰਸਥਾ ਦੇ ਪ੍ਰਧਾਨ ਵਿਨੋਦ ਕੁਮਾਰ ਜੀ ਨੇ ਕਿਹਾ ਕਿ ਕੰਜਕਾਂ ਦੀ ਪੂਜਾ ਸਾਡੀ ਪ੍ਰਾਚੀਨ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਸਾਨੂੰ ਹਮੇਸ਼ਾ ਨਾਰੀ ਦਾ ਆਦਰ ਕਰਨਾ ਚਾਹੀਦਾ ਹੈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਅਤੇ ਸੇਵਾ ਭਾਰਤੀ ਸੰਸਥਾ ਦੇ ਮੈਂਬਰ ਸਸ਼ੀ ਕਾਠ, ਸੁਖਵੀਰ ਮਹਿਤਾ, ਰਘੁਨਾਥ, ਐਡਵੋਕੇਟ ਚੰਦਨ ਗੁਪਤਾ, ਵਿਜੇ ਕੁਮਾਰ ਪ੍ਰਿੰਸੀਪਲ, ਬਲਰਾਮ ਕਾਠ, ਰਾਜ ਕੁਮਾਰ ਪਾਂਡੇ ਅਤੇ ਅਮਿਤ ਜਿੰਦਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਮੌਜੂਦ ਸਨ ਅਤੇ ਸਭ ਨੇ ਮਿਲ ਕੇ ਇਸ ਧਾਰਮਿਕ ਸਮਾਗਮ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।