ਭਾਜਪਾ ਦੇਸ਼ ਘੱਟ ਗਿਣਤੀ ਲੋਕਾਂ ਤੇ ਗਰੀਬਾਂ ਤੋਂ ਰੁਜ਼ਗਾਰ ਤੇ ਵੋਟ ਦਾ ਅਧਿਕਾਰ ਖੋਹ ਰਹੀ ਹੈ : ਸਮਾਓਂ ਮੁੱਖ ਮੰਤਰੀ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿੱਚ
Publish Date: Mon, 05 Oct 2026 04:35 PM (IST)
Updated Date: Mon, 05 Oct 2026 04:38 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮੁੱਖ ਮੰਤਰੀ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਸੱਭ ਤੋਂ ਵੱਧ ਦਲਿਤਾਂ ‘ਤੇ ਜ਼ਬਰ ਹੋ ਰਿਹਾ ਹੈ ਅਤੇ ਭਾਜਪਾ ਦੇਸ਼ ਦੇ ਘੱਟ ਗਿਣਤੀ ਲੋਕਾਂ ਤੇ ਗਰੀਬਾਂ ਤੋਂ ਰੁਜ਼ਗਾਰ ਤੇ ਵੋਟ ਦਾ ਅਧਿਕਾਰ ਖੋਹ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਜੀਤ ਕੌਰ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਇਸ ਮੌਕੇ ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ ਰੱਖੀ 29 ਨਵੰਬਰ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਮਜ਼ਦੂਰ ਕਿਰਤੀ ਮਹਾਂ ਪੰਚਾਇਤ ਦੀ ਸਫ਼ਲਤਾ ਲਈ ਪਿੰਡਾਂ ਸ਼ਹਿਰਾਂ ਅੰਦਰ ਲਾਮਬੰਦੀ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਕੇਂਦਰੀ ਚੋਣ ਕਮਿਸ਼ਨ ਗਿਆਨੇਸ਼ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਭਾਜਪਾ, ਆਰਐਸਐਸ ਸੱਤਾ ਪ੍ਰਾਪਤੀ ਤੋਂ ਪਹਿਲਾਂ ਸਭ ਲਈ ਚੰਗੇ ਦਿਨ ਅਤੇ ਹਰ ਸਾਲ ਨੌਜਵਾਨਾਂ ਨੂੰ ਇੱਕ ਕਰੋੜ ਸਰਕਾਰੀ ਨੌਕਰੀਆਂ ਦੀ ਗੱਲ ਕਰਦੀ ਸੀ। ਪਰ ਸੱਤਾ ਪ੍ਰਾਪਤੀ ਤੋਂ ਬਾਅਦ ਭਾਜਪਾ ਲੀਡਰ ਚੋਣ ਕਮਿਸ਼ਨ ਨਾਲ਼ ਮਿਲਕੇ ਦੇਸ਼ ‘ਤੇ ਪੰਜਾਹ ਸਾਲ ਰਾਜ ਕਰਨ ਦੇ ਐਲਾਨ ਕਰ ਰਹੇ ਹਨ। ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਮੋਦੀ ਭਾਜਪਾ ਦੀ ਕੁਰਸੀ ਨੂੰ ਮਜ਼ਬੂਤ ਕਰਨ ਲਈ ਦੇਸ਼ ਅੰਦਰ ਭਾਜਪਾ ਵਿਰੋਧੀ ਵੋਟਾਂ ਨੂੰ ਗਿਣ ਮਿਥ ਕੇ ਕੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਾ ਆਮ ਹੋਣ ਪਿੱਛੋਂ ਸਿਆਸੀ ਲੀਡਰਾਂ ਤੇ ਪੁਲਿਸ ਅਫਸਰਾਂ ਦਾ ਵੱਡਾ ਰੋਲ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਵਾਲੇ ਮੁੱਖ ਮੰਤਰੀ ਨੇ ਨਸ਼ਿਆਂ ਤੇ ਕਰਜ਼ੇ ‘ਚ ਡੁੱਬਿਆ ਪੰਜਾਬ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਦੀ ਬਹਾਲੀ ਲਈ ਅਤੇ ਹਰ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਦਾ ਕਾਨੂੰਨ ਲਾਗੂ ਕਰਵਾਉਣ ਲਈ ਪੰਜ ਮਜ਼ਦੂਰ ਜਥੇਬੰਦੀਆਂ ਵੱਲੋਂ ਰੱਖੀ 29 ਨਵੰਬਰ ਦੀ ਮਜ਼ਦੂਰ ਕਿਰਤੀ ਮਹਾਂ ਪੰਚਾਇਤ ਦੀ ਸਫ਼ਲਤਾ ਲਈ ਪਿੰਡਾਂ ਸ਼ਹਿਰਾਂ ਅੰਦਰ ਘਰ ਘਰ ਜਾ ਕੇ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ ਹਜ਼ਾਰਾਂ ਮਜ਼ਦੂਰ ਸੰਗਰੂਰ ਸ਼ਾਮਿਲ ਹੋਣਗੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਮਨਜੀਤ ਕੌਰ ਜੋਗਾ, ਗੁਲਾਬ ਸਿੰਘ ਖੀਵਾ, ਭੋਲ਼ਾ ਸਿੰਘ ਝੱਬਰ, ਸੁਖਵੀਰ ਸਿੰਘ ਖ਼ਾਰਾਂ, ਜਰਨੈਲ ਸਿੰਘ ਮਾਨਸਾ ਵੀ ਮੌਜੂਦ ਸਨ।