ਖੇਤੀ ਮਸ਼ੀਨਰੀ ਲਈ 4 ਕਰੋੜ ਰੁਪਏ ਦੀ ਸਬਸਿਡੀ ਦੇ ਕੱਢੇ ਡਰਾਅ ਡਿਪਟੀ ਕਮਿਸ਼ਨਰ, ਨਵਜੋਤ ਕੌਰ, ਆਈ.ਏ.ਐੱਸ ਦੀ
Publish Date: Wed, 29 Jul 2026 05:18 PM (IST)
Updated Date: Wed, 29 Jul 2026 05:19 PM (IST)
ਉਪਦਾਨ ਤੇ ਮਿਲਣ ਵਾਲੀ ਖੇਤੀ ਮਸ਼ੀਨਰੀ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਲਾਹੇਵੰਦ : ਡਿਪਟੀ ਕਮਿਸ਼ਨਰ ਖੇਤੀ ਮਸ਼ੀਨਰੀ ਤੇ ਸਬਸਿਡੀ ਲੈਣ ਲਈ 03 ਅਗਸਤ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਵਿਭਾਗ ਵੱਲੋਂ ਵਿੱਤੀ ਸਾਲ 2026-27 ਦੌਰਾਨ ਸਬ ਮਿਸ਼ਨ ਆਨ ਐਗਰੀਕਲਚਰ ਮੈਕਾਨਾਈਜੇਸ਼ਨ ਅਤੇ ਕਰਾਪ ਡਾਇਵਰਸੀਫ਼ਿਕੇਸ਼ਨ ਪ੍ਰੋਗਰਾਮ ਸਕੀਮ ਅਧੀਨ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਰੀ ਉਪਦਾਨ ’ਤੇ ਮੁਹੱਈਆ ਕਰਵਾਉਣ ਲਈ ਪਾਰਦਰਸ਼ਤਾ ਨਾਲ ਬਿਨੈਕਾਰਾਂ ਦੀ ਚੋਣ ਕਰਨ ਲ਼ਈ ਡਰਾਅ ਕੱਢੇ ਗਏ। ਇਹ ਅਰਜ਼ੀਆਂ ਕਿਸਾਨਾਂ ਵੱਲੋਂ ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤੀਆਂ ਗਈਆਂ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ, ਸੰਭਾਲ ਅਤੇ ਕਟਾਈ ਲਈ ਲੋੜੀਂਦੀ ਆਧੁਨਿਕ ਖੇਤੀਬਾੜੀ ਮਸ਼ੀਨਰੀ ਜਿਵੇਂ ਕਿ ਨਿਊਮੈਟਿਕ ਪਲਾਂਟਰ, ਸੈਲਫ਼ ਪ੍ਰੋਪੈਲਡ ਹਾਈ ਗਰਾਊਂਡ ਕਲੀਅਰੈਂਸ ਸਪਰੇਅਰ, ਸੈਲਫ ਪ੍ਰੋਪੈਲਡ ਪੈਡੀ ਟਰਾਂਸਪਲਾਂਟਰ, ਬੂਮ ਸਪਰੇਅਰ, ਪਾਵਰ ਆਪਰੇਟਡ ਸਪਰੇਅਰ, ਫ਼ਰਟੀਲਾਈਡਰ ਬਰਾਡਕਾਸਟਰ, ਰੇਜਡ ਬੈਡ ਪਲਾਂਟਰ, ਮਲਟੀ ਕਰਾਪ ਪਲਾਂਟਰ ਆਦਿ ਮਸ਼ੀਨਾਂ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ ਵੀ ਸਬਸਿਡੀ ਤੇ ਉਪਲਬਧ ਕਰਵਾਈ ਜਾ ਰਹੀ ਹੈ। ਇੰਨ੍ਹਾਂ ਸਕੀਮਾਂ ਦਾ ਉਦੇਸ਼ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਉਪਲਬਧ ਕਰਵਾ ਕੇ ਉਨ੍ਹਾਂ ਨੂੰ ਵਧੇਰੇ ਕੁਸ਼ਲ, ਲਾਭਕਾਰੀ ਤਕਨੀਕਾਂ ਅਤੇ ਮਸ਼ੀਨਰੀ ਦੀ ਵਰਤੋਂ ਕਰਨ ਵੱਲ ਪ੍ਰੇਰਿਤ ਕਰਨਾ ਹੈ। ਇਸ ਯੋਜਨਾ ਤਹਿਤ ਖਾਸ ਕਰਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਘਟਦੀ ਹੈ। ਸਮੇਂ ਦੀ ਬੱਚਤ ਹੁੰਦੀ ਹੈ ਅਤੇ ਖੇਤੀ ਉਤਪਾਦਕਤਾ ਅਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਡਰਾਅ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰੀ ਪਾਰਦਰਸ਼ਤਾ ਨਾਲ ਕੱਢਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਵੀ ਵਿਭਾਗ ਵੱਲੋ 16 ਕਰੋੜ ਰੁਪਏ ਦੀ ਸਬਸਿਡੀ ਲਈ ਡਰਾਅ ਕੱਢਿਆ ਗਿਆ ਸੀ ਅਤੇ ਹੁਣ ਦੁਬਾਰਾ 03 ਅਗਸਤ 2026 ਤੱਕ ਅਰਜੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਕਿਸਾਨ ਸੀ.ਆਰ.ਐਮ ਸਕੀਮ ਤਹਿਤ ਅਰਜੀ ਅਪਲਾਈ ਕਰਕੇ ਪਰਾਲੀ ਪ੍ਰਬੰਧਨ ਲਈ ਵਰਤੋਂ ਵਿੱਚ ਆਉਣ ਵਾਲੀ ਮਸ਼ੀਨਰੀ ਤੇ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਰਜੀ ਦੇ ਸਕਦੇ ਹਨ । ਡਰਾਅ ਦੌਰਾਨ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਦੇ ਮੈਂਬਰ ਸਕੱਤਰ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ, ਕੋ-ਮੈਂਬਰ ਸਕੱਤਰ ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਅਤੇ ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਲੀਡ ਬੈਂਕ ਮੈਨੇਜਰ, ਮਾਨਸਾ ਅਤੇ ਵੱਡੀ ਗਿਣਤੀ ਵਿੱਚ ਬਿਨੈਕਾਰ ਕਿਸਾਨ ਹਾਜ਼ਰ ਸਨ।