- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ‘ਜੰਗ ਨਹੀਂ, ਅਮਨ’ ਦੇ ਥੀਮ ’ਤੇ ਆਧਾਰਿਤ 29ਵੇਂ ਕਲਾ ਕਿਤਾਬ ਮੇਲੇ ਦੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਖੇ ਆਗਾਜ਼ ਹੋਇਆ। ਮੇਲੇ ਦੇ ਉਦਘਾਟਨੀ ਸ਼ੈਸ਼ਨ ਵਿਚ ਚਾਰ ਪ੍ਰਸਿੱਧ ਵਿਦਵਾਨਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ। ਵਾਰਾਣਸੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਵਿਦਵਾਨ ਡਾ. ਵੰਦਨਾ ਚੌਬੇ ਨੇ ‘ਯੁੱਧ ਤੇ ਔਰਤਾਂ’ ਵਿਸ਼ੇ ’ਤੇ ਰੋਜ਼ਾ ਲਕਜ਼ਮਬਰਗ ਅਤੇ ਕਲਾਰਾ ਜੈਟਕਿਨ ਦੇ ਹਵਾਲੇ ਨਾਲ ਕਿਹਾ ਕਿ ਔਰਤਾਂ ਦੀ ਵਿਸ਼ਵ ਜੰਗਾਂ ਨੂੰ ਸਮਾਪਤ ਕਰਨ ਵਿਚ ਅਹਿਮ ਭੂਮਿਕਾ ਰਹੀ ਹੈ। ਯੁੱਧ ਦਾ ਸਭ ਤੋਂ ਵੱਧ ਸੰਤਾਪ ਔਰਤਾਂ ਨੂੰ ਹੀ ਹੰਢਾਉਣਾ ਪੈਂਦਾ ਹੈ ਅਤੇ ਔਰਤਾਂ ਨੇ ਹੀ ਇਸ ਲੜਾਈ ਦੀ ਪੀੜ ਨੂੰ ਸਭ ਤੋਂ ਵੱਧ ਸ਼ਿੱਦਤ ਨਾਲ ਮਹਿਸੂਸ ਕੀਤਾ। ਪ੍ਰਲੇਸ਼ ਦੀ ਕੌਮੀ ਇਕਾਈ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ, ਪ੍ਰਸਿੱਧ ਵਿਦਵਾਨ ਸਤਨਾਮ ਚਾਨਾ, ਲੋਕ ਘੋਲਾਂ ਦੇ ਆਗੂ ਸੁਖਦਰਸ਼ਨ ਨੱਤ ਨੇ ਕ੍ਰਮਵਾਰ ‘ਸਾਮਰਾਜੀ ਜੰਗਾਂ : ਮਨੁੱਖੀ ਸਰਮਾਏ ਤੇ ਲਾਲਸਾ ਦੀ ਅੰਨ੍ਹੀ ਦੌੜ’, ‘ਜੰਗ ਦੇ ਖਿਲਾਫ਼ ਅਮਨ ਦਾ ਇਤਿਹਾਸ’ ਅਤੇ ‘ਜੰਗ ਦੇ ਵਿਰੋਧ ’ਚ ਜੰਗ ਦੀ ਲੋੜ’ ਵਿਸ਼ਿਆਂ ਤੇ ਡੂੰਘੀ ਚਰਚਾ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ਤੇ ਹੋਈਆਂ ਜਾਂ ਹੋਣ ਜਾ ਰਹੀਆਂ ਜੰਗਾਂ ਦੇ ਬਹੁਤ ਸਾਰੇ ਪਾਸਾਰ ਸਾਹਮਣੇ ਲਿਆਂਦੇ। ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਖੱਬੇਪੱਖੀ ਨੇਤਾ ਹਰਦੇਵ ਅਰਸ਼ੀ ਨੇ ਕਿਹਾ ਕਿ ਅਮਰੀਕਾ ਨੇ ਵੈਨਜੁਏਲਾ, ਲੀਬੀਆ, ਸੀਰੀਆ, ਇਰਾਕ, ਫ਼ਲਸਤੀਨ ਆਦਿ ਕਿੰਨ੍ਹੇ ਹੀ ਮੁਲਕਾਂ ਵਿਚ ਅੱਗਾਂ ਲਗਾਈਆਂ ਹਨ।
ਵਿਸ਼ੇਸ਼ ਮਹਿਮਾਨ ਸਵਰਾਜਬੀਰ ਨੇ ਕਿਹਾ ਕਿ ਬਹੁਤ ਸਾਰੇ ਸ਼ਾਇਰਾਂ ਨੇ ਜੰਗ ਦੇ ਇਸ ਸਾਮਰਾਜੀ ਬਿਰਤਾਂਤ ਨੂੰ ਰੱਦ ਕਰਕੇ ਲੋਕਪੱਖੀ ਬਿਰਤਾਂਤ ਸਿਰਜੇ ਹਨ। ਇਸ ਸੈਸ਼ਨ ਵਿਚ ਅਸ਼ੀਰਵਾਦੀ ਬੋਲ ਮਨਜੀਤ ਕੌਰ ਔਲਖ ਅਤੇ ਧੰਨਵਾਦ ਦਰਸ਼ਨ ਜੋਗਾ ਨੇ ਕੀਤਾ। ਸੰਸਥਾ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਦੁਆਰਾ ਆਏ ਮਹਿਮਾਨਾਂ ਦਾ ਸੁਆਗਤ ਕਰਨ ਬਾਅਦ ਮੰਚ ਸੰਚਾਲਨ ਡਾ. ਸੰਦੀਪ ਸਿੰਘ ਨੇ ਬਹੁਤ ਖੁਬਸੂਰਤੀ ਨਾਲ ਕੀਤਾ। ਦੂਜੇ ਸੈਸ਼ਨ ਦਾ ਆਗਾਜ਼ 25 ਦੇ ਕਰੀਬ ਸ਼ਾਇਰਾਂ ਦੇ ਕਲਾਮ ਨਾਲ ਹੋਇਆ। ਇਸ ਸ਼ੈਸਨ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤਾ ਅਤ ਪ੍ਰਧਾਨਗੀ ਮੰਡਲ ਵਿਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਡਾ. ਪਾਲ ਕੌਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਸ਼ਾਮਲ ਹੋਇਆ। ਸ਼ਾਇਰ ਗੁਰਪ੍ਰੀਤ ਦੁਆਰਾ ਜੀ ਆਇਆਂ ਨੂੰ ਕਹਿਣ ਦੇ ਬਾਅਦ ਡਾ. ਦੀਪਕ ਧਲੇਵਾਂ ਅਤੇ ਕੁਲਵਿੰਦਰ ਬੱਛੋਆਣਾ ਦੀ ਸੰਚਾਲਨਾ ਹੇਠ ਢਾਈ ਘੰਟੇ ਸ਼ਾਇਰੀ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲੇ। ਇਨ੍ਹਾਂ ਸ਼ਾਇਰਾਂ ਵਿਚ ਪ੍ਰਸਿੱਧ ਸ਼ਾਇਰ ਵਿਜੈ ਵਿਵੇਕ, ਮਨਜੀਤ ਪੁਰੀ, ਅਜੀਤਪਾਲ ਜਟਾਣਾ, ਹਰਮੀਤ ਵਿਦਿਆਰਥੀ, ਸੁਰਿੰਦਰਪ੍ਰੀਤ ਘਣੀਆ, ਡਾ. ਸੰਤੋਖ ਸੁੱਖੀ, ਵਾਹਿਦ, ਚਰਨਜੀਤ ਸਮਾਲਸਰ, ਰਾਜਵਿੰਦਰ ਜਟਾਣਾ, ਕਮਲ ਸੇਖੋਂ, ਰਮਨਦੀਪ ਵਿਰਕ, ਜਗਜੀਤ ਕੌਰ ਢਿਲਵਾਂ, ਮਨਦੀਪ ਭਦੌੜ, ਅੰਜਨਾ ਮੈਨਨ ਅਤੇ ਰੂਹੀ ਸਿੰਘ ਸ਼ਾਮਿਲ ਰਹੇ। ਰਾਤ ਦੇ ਸੈਸਨ ਦਾ ਆਗਾਜ਼ ਪ੍ਰਸਿੱਧ ਨਾਟਕਕਾਰ ਮਰਹੂਮ ਬਲਰਾਜ ਮਾਨ ਦੇ ਪਰਿਵਾਰ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਸੈਸ਼ਨ ਵਿਚ ਜਸਪ੍ਰੀਤ ਕੌਰ ਨੇ ਕਸ਼ਮੀਰ ਦੀ ਹੱਦ ਤੇ ਡਿਉਟੀ ਕਰਦੇ ਇਕ ਫ਼ੌਜੀ ਦੁਆਰਾ ਆਪਣੀ ਪਤਨੀ ਨੂੰ ਖ਼ਤ ਦੇ ਰੂਪ ਵਿਚ ਲਿਖੀ ਕਵਿਤਾ ਦੀ ਪੇਸ਼ਕਾਰੀ ਕੀਤੀ। ਇਸ ਤੋਂ ਬਾਅਦ ਇਪਟਾ ਲਹਿਰ ਦੀ ਹੁਣ ਬਾਨਵੇਂ ਸਾਲਾ ਕਾਮੇ ਰਾਜਵੰਤ ਕੌਰ ਪ੍ਰੀਤ ਮਾਨ, ਪੰਜਾਬੀ ਰੰਗਮੰਚ ਅਤੇ ਫਿਲਮਾਂ ਦੀ ਵੱਡੀ ਹਸਤੀ ਅਨੀਤਾ ਮੀਤ ਅਤੇ ਭੰਡਾਂ ਦੀ ਕਲਾ ਨੂੰ ਜਿਉਂਦਾ ਰੱਖਣ ਵਾਲੇ ਅਵਤਾਰ ਮੋਗਾ ਦਾ ਸਨਮਾਨ ਕੀਤਾ ਗਿਆ। ਇਸ ਉਪਰੰਤ ਡਾ, ਸੋਮਪਾਲ ਹੀਰਾ ਦੁਆਰਾ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਨਾਟਕ ‘ਬੱਚੇ ਜੋ ਬਚੇ ਨਹੀਂ’ ਖੇਡਿਆ, ਜਿਸ ਵਿਚ ਦੋ ਪਾਤਰਾਂ ਕਿਮ ਤੇ ਨਿੱਕ ਰਾਹੀਂ ਵਿਸ਼ਵ ਇਤਿਹਾਸ ਦੀ ਅੱਠ ਉਹ ਘਟਨਾਵਾਂ ਨੂੰ ਆਧਾਰ ਬਣਾਇਆ, ਜਿਨ੍ਹਾਂ ਵਿਚ ਲੱਖਾਂ ਬੱਚਿਆਂ ਦੀਆਂ ਮੌਤਾਂ ਹੋਈਆਂ। ਨਾਟਕ ਵਿਚ ਵੀਅਤਨਾਮ, ਹੀਰੋਸ਼ੀਮਾ, ਰੋਹਿੰਗਿਆ, ਸੰਤਾਲੀ ਦੀ ਵੰਡ, ਜਰਮਨੀ ਦਾ ਹੋਲੋਕਾਸਟ ਅਤੇ ਹਿਟਲਰ ਦੁਆਰਾ ਕੀਤੇ ਕਤਲੇਆਮ ਵਿਚ ਮਾਰੇ ਗਏ ਬੱਚਿਆਂ ਦੀਆਂ ਦਰਦ ਭਰੀਆਂ ਕਹਾਣੀਆਂ ਦਾ ਮੰਚਨ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਗੁਰਨੈਬ ਸਿੰਘ ਅਤੇ ਜਗਜੀਵਨ ਨੇ ਕੀਤਾ। ਸਵੇਰੇ ਦੇ ਸ਼ੈਸ਼ਨ ਵਿਚ ਮਾਨਸਾ ਜ਼ਿਲ੍ਹੇ ਦੇ ਲੇਖਕਾਂ ਦੀਆਂ 8 ਪੁਸਤਕਾਂ ਵੀ ਰੀਲੀਜ਼ ਕੀਤੀਆਂ। ਮੇਲੇ ਵਿਚ 15 ਦੇ ਕਰੀਬ ਪੁਸਤਕਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ ਅਤੇ ਇਸ ਦੇ ਨਾਲ ਵਿਸ਼ਵ ਜੰਗਾਂ, ਇਪਟਾ, ਅਮਨ ਲਹਿਰ, ਅਤੇ ਜੰਗ ਦੇ ਖਿਲਾਫ਼ ਅਮਨ ਨਾਲ ਸਬੰਧਿਤ ਹੱਥ ਲਿਖਤਾਂ ਦੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਮੇਲੇ ਵਿਚ ਜੁਗਰਾਜ ਸਿੰਘ ਡਾਇਰੈਕਟਰ, ਬਲਰਾਜ ਨੰਗਲ, ਹਰਿੰਦਰ ਮਾਨਸ਼ਾਹੀਆ, ਕ੍ਰਿਸ਼ਨ ਚੌਹਾਨ, ਭੁਪਿੰਦਰ ਫ਼ੌਜੀ, ਜਸਬੀਰ ਨੱਤ, ਧੰਨਾ ਮੱਲ ਗੋਇਲ, ਸੱਜੂ ਰਾਮ ਰਿਸ਼ੀ, ਡਾ਼ ਬਿੱਕਰਜੀਤ ਸਾਧੂਵਾਲਾ, ਗੁਰਦੀਪ ਗਾਮੀਵਾਲਾ, ਕਹਾਣੀਕਾਰ ਅਨੇਮਨ, ਅਸ਼ੋਕ ਬਾਂਸਲ, ਅੰਮ੍ਰਿਤ ਸਮਿਤੋਜ, ਜਗਰੂਪ ਉੱਡਤ, ਜਸਵਿੰਦਰ ਮੰਡੇਰ, ਜਗਸੀਰ ਚਹਿਲ, ਹਰਮਨਪ੍ਰੀਤ ਚੌਹਾਨ, ਪ੍ਰਿੰਸੀਪਲ ਪਰਮਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ ਨੇ ਵੀ ਭਾਗ ਲਿਆ।