ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ’ਚ ਅਧਿਆਪਕਾਂ ਨੇ ਕਾਲਜ ਬੰਦ ਕਰ ਕੇ ਕੀਤਾ ਰੋਸ ਪ੍ਰਦਰਸ਼ਨ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ
Publish Date: Wed, 09 Sep 2026 08:12 PM (IST)
Updated Date: Thu, 10 Sep 2026 04:08 AM (IST)
ਫ਼ੋਟੋ : 09 ਐਮਏਐਨ ਕੈਪਸ਼ਨ : ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਕਾਲਜ ਕੰਟਰੈਕਟ ਅਧਿਆਪਕ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਕੰਟਰੈਕਟ ਅਧਾਰਿਤ ਅਧਿਆਪਕਾਂ ਵੱਲੋਂ ਕਾਲਜ ਬੰਦ ਕਰ ਰੋਸ ਪ੍ਰਦਰਸ਼ਨ ਕੀਤਾ। ਇੰਨ੍ਹਾਂ ਅਧਿਆਪਕਾਂ ਦੇ ਦੱਸਣ ਅਨੁਸਾਰ ਉਹ 18 ਅਗਸਤ 2026 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਕੈਂਪ ਵਿਖੇ ਆਪਣੀਆਂ ਮੰਗਾਂ ਨੂੰ ਲੈ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ 15-20 ਸਾਲਾਂ ਤੋਂ ਕੰਟਰੈਕਟ ਆਧਾਰ ਤੇ ਭਰਤੀ ਹੋ ਕੇ ਨਿਗੂਣੀਆਂ ਤਨਖ਼ਾਹਾਂ ਤੇ ਸੰਤਾਪ ਹੰਢਾਅ ਰਹੇ ਹਾਂ, ਜਦੋਂਕਿ ਯੂਜੀਸੀ ਰੈਗੂਲੇਸ਼ਨ 2018 ਦੇ ਅਨੁਸਾਰ ਕੰਟਰੈਕਟ ਅਧਿਆਪਕਾਂ ਨੂੰ ਰੈਗੂਲਰ ਅਸਿਸਟੈਂਟ ਪ੍ਰੋਫ਼ੈਸਰ ਦੇ ਬਰਾਬਰ ਪੇ ਸਕੇਲ ਦੇਣਾ ਲਾਜ਼ਮੀ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਵੰਬਰ 2022 ਵਿੱਚ ਇਹ ਰੈਗੂਲੇਸ਼ਨ ਸਿੰਡੀਕੇਟ ਵਿੱਚ ਪਾਸ ਕਰਕੇ ਲਾਗੂ ਕੀਤਾ ਗਿਆ, ਪਰ ਇਸ ਰੈਗੂਲੇਸ਼ਨ ਅਨੁਸਾਰ ਕੰਟਰੈਕਟ ਅਧਿਆਪਕਾਂ ਲਈ ਨਿਰਧਾਰਤ ਪੇ ਸਕੇਲ ਨਹੀਂ ਦਿੱਤਾ ਗਿਆ। ਪ੍ਰੋਫ਼ੈਸਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਰੈਗੂਲੇਸ਼ਨ ਦੇ ਆਧਾਰ ਤੇ ਹੀ ਉਹ ਹਾਈਕੋਰਟ ਵਿਚੋਂ ਵੀ ਪੇ ਸਕੇਲ ਨੂੰ ਲੈ ਕੇਸ ਜਿੱਤ ਚੁੱਕੇ ਹਨ, ਪਰ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੁਆਰਾ ਇਸ ਫ਼ੈਸਲੇ ਨੂੰ ਕੰਟਰੈਕਟ ਅਧਿਆਪਕਾਂ ਉੱਪਰ ਲਾਗੂ ਨਾ ਕਰ ਕੇ ਹਾਈਕੋਰਟ ਦੇ ਫ਼ੈਸਲੇ ਤੇ ਯੂਜੀਸੀ ਰੈਗੂਲੇਸ਼ਨ 2018 ਦੀ ਤੌਹੀਨ ਕੀਤੀ ਹੈ, ਜਿਸ ਦੇ ਵਿਰੋਧ ’ਚ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਕਾਂਸਟੀਚੂਐਂਟ ਕਾਲਜਾਂ, ਰੀਜ਼ਨਲ ਸੈਂਟਰ, ਨੇਬਰਹੁੱਡ ਕੈਂਪਸਾਂ ਨੂੰ ਪੂਰਨ ਤੌਰ ਤੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ। ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੇ ਕੰਟਰੈਕਟ ਅਧਿਆਪਕਾਂ ਦੁਆਰਾ ਕੀਤੇ ਇਸ ਰੋਸ ਪ੍ਰਦਰਸ਼ਨ ਤੇ ਬੰਦ ਦੇ ਸੱਦੇ ਦਾ ਰੈਗੂਲਰ ਅਧਿਆਪਕਾਂ, ਗੈਸਟ ਫ਼ੈਕਲਟੀ, ਪੀਟੀਏ ਸਟਾਫ਼, ਨਾਨ ਟੀਚਿੰਗ ਤੇ ਵਿਦਿਆਰਥਨਾਂ ਵੱਲੋਂ ਪੂਰਨ ਸਮਰਥਨ ਕੀਤਾ ਗਿਆ। ਉਕਤ ਅਧਿਆਪਕਾਂ ਨੇ ਕਿਹਾ ਕਿ ਜੇਕਰ ਯੂਨੀਵਰਸਿਟੀ ਅਥਾਰਟੀ ਸਾਡੀਆਂ ਇੰਨ੍ਹਾਂ ਹੱਕੀ ਮੰਗਾਂ ਨੂੰ ਲਾਗੂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪ੍ਰੋ. ਮਨਦੀਪ ਕੌਰ , ਡਾ. ਬੱਲਮ ਲੀਂਬਾ ਪ੍ਰੋ. ਹਰਜੀਤ ਸਿੰਘ, ਪ੍ਰੋ. ਸੁਚਰੀਤ ਕੌਰ ਆਦਿ ਹਾਜ਼ਰ ਸਨ।