- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਸਰਜਨ ਬਠਿੰਡਾ ਡਾ. ਜੋਤੀ ਕੌਸ਼ਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਜੋਤੀ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪਾਮਿਲ ਬਾਂਸਲ ਦੀ ਅਗਵਾਈ ਹੇਠ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਿਹਤ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਐਕਸ ਰੇ ਮਸ਼ੀਨ ਜਾਂਚ ਕੈਂਪ ਲਾਏ ਜਾ ਰਹੇ ਹਨ। ਇਸ ਮੌਕੇ ਪਹਿਲਾਂ ਕੈਂਪ ਪਿੰਡ ਰਾਏ ਕੇ ਕਲਾਂ ਵਿਖੇ ਲਾਇਆ ਗਿਆ, ਜਿਸ ਵਿੱਚ ਰੇਡੀਓਗ੍ਰਾਫ਼ਰ ਭੁਪਿੰਦਰ ਕੌਰ ਵੱਲੋਂ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਟੀਬੀ ਦੇ ਮਰੀਜ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਹੋਰ 52 ਸ਼ੱਕੀ ਮਰੀਜ਼ਾਂ ਦੀ ਐਕਸ ਰੇ ਸਕਰੀਨਿੰਗ ਕੀਤੀ ਗਈ। ਬਲਾਕ ਸਿਹਤ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ ਦਸ ਦਿਨ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ, ਜਿਸ ਤਹਿਤ ਸ਼ੁੱਕਰਵਾਰ ਨੂੰ ਪਿੰਡ ਪੱਕਾ ਕਲਾਂ ਵਿਖੇ ਕੈਂਪ ਲਾ ਕੇ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਮੌਕੇ ਸਿਹਤ ਸੁਪਰਵਾਈਜ਼ਰ ਓਮ ਪ੍ਰਕਾਸ਼, ਚਰਨਜੀਤ ਕੌਰ, ਸੀਐਚਓ ਨੈਨਸੀ, ਸਿਹਤ ਵਰਕਰ ਮਨਪ੍ਰੀਤ ਕੌਰ ਅਤੇ ਲਖਵੀਰ ਸਿੰਘ ਵੱਲੋਂ ਲੋਕਾਂ ਨੂੰ ਟੀਬੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਸ ਦੇ ਸਰਕਾਰੀ ਹਸਪਤਾਲ ਵਿਖੇ ਹੋ ਰਹੇ ਮੁਫ਼ਤ ਇਲਾਜ ਬਾਰੇ ਦੱਸਿਆ ਗਿਆ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਟੀਬੀ ਦਾ ਮੁੱਖ ਕਾਰਨ ਮਾਈਕੋਬੈਕਟੀਰੀਅਮ ਟੀਬੀ, ਇਕ ਛੋਟਾ ਬੈਸੀਲਸ ਹੈ। ਟੀਬੀ ਉਦੋਂ ਫ਼ੈਲਦੀ ਹੈ, ਜਦੋਂ ਕੋਈ ਵਿਅਕਤੀ ਖੰਘਦਾ ਜਾਂ ਛਿੱਕ ਮਾਰਦਾ ਹੈ ਤੇ ਖੰਘਣ, ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਨੂੰ ਸਾਹ ਰਾਹੀਂ ਕੋਈ ਤੰਦਰੁਸਤ ਵਿਅਕਤੀ ਅੰਦਰ ਲੈਂਦਾ ਹੈ। ਆਮ ਤੌਰ 'ਤੇ ਟੀਬੀ ਦੀ ਲਾਗ ਸਰੀਰ ਦੇ ਦੂਜੇ ਅੰਗਾਂ 'ਚ ਹੋ ਸਕਦੀ ਹੈ, ਜਿਵੇਂ ਲਿੰਫ ਨੋਡਜ਼, ਹੱਡੀਆਂ ਤੇ ਜੋੜ, ਪਾਚਨ ਪ੍ਰਣਾਲੀ, ਦਿਮਾਗ਼ੀ ਪ੍ਰਣਾਲੀ, ਬਲੈਡਰ ਤੇ ਪ੍ਰਜਣਨ ਪ੍ਰਣਾਲੀ। ਇਸ ਨੂੰ ਵਾਧੂ ਪਲਮਨਰੀ ਟੀਬੀ ਵਜੋਂ ਜਾਣਿਆ ਜਾਂਦਾ ਹੈ। ਵਾਧੂ ਪਲਮਨਰੀ ਟੀਬੀ ਦੇ ਲੱਛਣ ਪ੍ਰਭਾਵਿਤ ਅੰਗਾਂ ਜਾਂ ਪ੍ਰਣਾਲੀ ਦੇ ਅਨੁਸਾਰ ਵੱਖਰੇ ਹੁੰਦੇ ਹਨ। ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ ਵਾਲੇ ਲੋਕਾਂ 'ਚ ਵਾਧੂ ਪਲਮਨਰੀ ਟੀਬੀ ਆਮ ਹੁੰਦੀ ਹੈ। ਟੀਬੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਜਾਵੇ, ਜਿਸ ਨਾਲ ਬੈਕਟੀਰੀਆ ਹਾਵੀ ਨਾ ਹੋ ਸਕੇ। ਇਸ ਲਈ ਰੋਜ਼ਾਨਾ ਪੌਸ਼ਟਿਕ ਭੋਜਨ ਦਾ ਸੇਵਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹਫ਼ਤੇ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਣਾ, ਭੁੱਖ ਘੱਟ ਹੋਣਾ, ਬੁਖ਼ਾਰ ਤੇ ਰਾਤ ਨੂੰ ਪਸੀਨਾ ਆਉਣਾ, ਥਕਾਵਟ ਟੀਬੀ ਦੇ ਆਮ ਲੱਛਣ ਹਨ। ਜੇ ਕਿਸੇ ਨੂੰ ਇਹ ਲੱਛਣ ਹੁੰਦੇ ਹਨ ਤਾਂ ਜਾਂਚ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।