ਮਾਡਲ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤੀਭਾ ਸਰਵਹਿਤਕਾਰੀ ਸਿੱਖਿਆ ਸਮਿਤੀ ਪੰਜਾਬ
Publish Date: Mon, 05 Oct 2026 04:29 PM (IST)
Updated Date: Mon, 05 Oct 2026 04:32 PM (IST)
ਜੀਵਨ ਸਿੰਗਲਾ, ਪੰਜਾਬੀ ਜਾਗਰਣ ਭੀਖੀ ਸਰਵਹਿਤਕਾਰੀ ਸਿੱਖਿਆ ਸਮਿਤੀ ਪੰਜਾਬ ਵੱਲੋਂ ਮਾਨਸਾ ਵਿਭਾਗ ਪੱਧਰੀ ਵਿਗਿਆਨ ਮਾਡਲ ਪ੍ਰਦਰਸ਼ਨੀ ਦਾ ਆਯੋਜਨ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਵਿਖੇ ਕੀਤਾ। ਇਸ ਪ੍ਰਦਰਸ਼ਨੀ ਵਿਚ ਮਾਨਸਾ ਵਿਭਾਗ ਅਧੀਨ ਆਉਂਦੇ ਸਾਰੇ ਸਰਵਹਿਤਕਾਰੀ ਸਕੂਲਾਂ ਦੀਆਂ ਤੀਜੀ ਤੋਂ ਦਸਵੀਂ ਜਮਾਤ ਤੱਕ ਦੇ 60 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬ੍ਰਿਜ ਲਾਲ, ਪ੍ਰਬੰਧਕ ਸਤੀਸ਼ ਕੁਮਾਰ, ਮੇਂਬਰ ਐਡਵੋਕੇਟ ਗਗਨਦੀਪ ਸਿੰਘ, ਦਿਨੇਸ਼ ਕੁਮਾਰ ਨੇ ਮਾਂ ਸਰਸਵਤੀ ਜੀ ਦੇ ਸਨਮੁੱਖ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਸਕੂਲ ਦੇਖ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਅਤੇ ਸਵਾਗਤੀ ਗੀਤ ਵੀ ਪੇਸ਼ ਕੀਤਾ ਗਿਆ। ਵਿਗਿਆਨ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਗਿਆਨਕ ਵਿਸ਼ਿਆਂ ਨਾਲ ਸਬੰਧਿਤ ਰਚਨਾਤਮਕ ਤੇ ਕਾਰਜਸ਼ੀਲ ਮਾਡਲ ਪੇਸ਼ ਕੀਤੇ। ਮਾਡਲਾਂ ਦਾ ਮੁਲਾਂਕਣ ਕਰਨ ਲਈ ਨਿਰਣਾਇਕ ਮੰਡਲ ਵਿਚ ਸਰਬਜੀਤ ਕੌਰ, ਨੇਹਾ ਰਾਣੀ, ਮੰਜੂ ਜ਼ਿੰਦਲ (ਵਿਗਿਆਨ ਅਧਿਆਪਕਾਵਾਂ, ਆਦਰਸ਼ ਸਕੂਲ ਭੋਪਾਲ), ਮਨਪ੍ਰੀਤ ਸਿੰਘ (ਆਈਐੱਸਈ ਕੋਚਿੰਗ ਸੈਂਟਰ, ਭੀਖੀ) ਅਤੇ ਹਰਪ੍ਰੀਤ ਕੌਰ (ਸਾਹਿਬ ਕੋਚਿੰਗ ਸੈਂਟਰ ਭੀਖੀ) ਸ਼ਾਮਲ ਸਨ। ਉਨ੍ਹਾਂ ਨੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਮਾਡਲਾਂ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਪ੍ਰੋਜੈਕਟਾਂ ਸਬੰਧੀ ਗੱਲਬਾਤ ਕੀਤੀ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।