ਵਿਦਿਆਰਥੀਆਂ ਨੇ ਚਾਈਨਾ ਡੋਰ ਖ਼ਿਲਾਫ਼ ਕੱਢੀ ਜਾਗਰੂਕਤਾ ਰੈਲੀ
ਸਥਾਨਕ ਐਨ ਆਰ ਐਮ ਹੋਲੀ ਹਾਰਟ ਕਨਵੈਂਟ
Publish Date: Wed, 21 Jan 2026 08:19 PM (IST)
Updated Date: Thu, 22 Jan 2026 04:13 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਐੱਨਆਰਐੱਮ ਹੋਲੀ ਹਾਰਟ ਕਨਵੈਂਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਚਾਈਨਾ ਡੋਰ ਦੇ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦਾ ਮੁੱਖ ਉਦੇਸ਼ ਚਾਈਨਾ ਡੋਰ ਨਾਲ ਹੋ ਰਹੇ ਨੁਕਸਾਨਾਂ ਬਾਰੇ ਲੋਕਾਂ ਨੂੰ ਸਚੇਤ ਕਰਨਾ ਸੀ। ਰੈਲੀ ਦੌਰਾਨ ਵਿਦਿਆਰਥੀਆਂ ਨੇ “ਚਾਈਨਾ ਡੋਰ ਬੰਦ ਕਰੋ”, “ਪੰਛੀਆਂ ਦੀ ਰੱਖਿਆ ਕਰੋ”, “ਸੁਰੱਖਿਅਤ ਮਾਂਝਾ ਵਰਤੋਂ” ਵਰਗੇ ਨਾਰੇ ਲਗਾ ਕੇ ਸਮਾਜ ਨੂੰ ਸੁਰੱਖਿਅਤ ਤੇ ਵਾਤਾਵਰਨ-ਮਿੱਤਰ ਚੀਜ਼ਾਂ ਅਪਣਾਉਣ ਦਾ ਸੁਨੇਹਾ ਦਿੱਤਾ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਅਨੁਸ਼ਾਸਨ ਨਾਲ ਰੈਲੀ ’ਚ ਹਿੱਸਾ ਲਿਆ। ਇਸ ਸਮੇਂ ਬੱਚਿਆਂ ’ਚ ਕਮਾਲ ਦਾ ਜੋਸ਼ ਦੇਖਣ ਨੂੰ ਮਿਲਿਆ। ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਨਾਲ ਗਏ ਅਧਿਆਪਕ ਸਾਹਿਬਾਨ ਮੈਡਮ ਰਜਨੀ ਸ਼ਰਮਾ, ਚਿੰਤਨਾ ਤੇ ਗੁਰਸੇਵਕ ਸਿੰਘ (ਡੀ.ਪੀ) ਦੀ ਭੂਮਿਕਾ ਖਾਸ ਤੌਰ ’ਤੇ ਤਾਰੀਫ-ਏ-ਕਾਬਿਲ ਸੀ, ਜਿਨਾਂ ਨੇ ਇਹਨਾਂ ਸਾਰੇ ਬੱਚਿਆਂ ਦੀ ਅਨੁਸ਼ਾਸਨ ਦੀ ਡੋਰ ਨੂੰ ਵੀ ਆਪਣੇ ਹੱਥ ’ਚ ਰੱਖਿਆ। ਮਾਰਕੀਟ ’ਚ ਇਸ ਰੈਲੀ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਤੇ ਅਧਿਆਪਕਾਂ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸਿਆਂ ਅਤੇ ਪੰਛੀਆਂ ਦੀ ਜ਼ਿੰਦਗੀ ਨੂੰ ਪੈਦਾ ਹੋ ਰਹੇ ਖ਼ਤਰੇ ਬਾਰੇ ਜਾਣਕਾਰੀ ਦਿੱਤੀ ਤੇ ਇਸਦੀ ਵਰਤੋਂ ਤੋਂ ਬਚਣ ਦੀ ਅਪੀਲ ਕੀਤੀ। ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ, ਪ੍ਰਿੰਸੀਪਲ ਮਾਰਟਨ ਅਨਟੋਨੀ ਤੇ ਕੋਆਰਡੀਨੇਟਰ ਸੁਕ੍ਰਿਤੀ ਵਰਮਾ ਨੇ ਕਿਹਾ ਕਿ ਅਜਿਹੀਆਂ ਗਤਿਵਿਧੀਆਂ ਰਾਹੀਂ ਵਿਦਿਆਰਥੀਆਂ ’ਚ ਸਮਾਜਿਕ ਜ਼ਿੰਮੇਵਾਰੀ ਤੇ ਵਾਤਾਵਰਨ ਪ੍ਰਤੀ ਸਚੇਤਨਾ ਪੈਦਾ ਹੁੰਦੀ ਹੈ। ਸਕੂਲ ਵੱਲੋਂ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਹੋਰ ਜਾਗਰੂਕਤਾ ਮੁਹਿੰਮਾਂ ਜਾਰੀ ਰੱਖਣ ਲਈ ਸਕੂਲ ਹਮੇਸ਼ਾ ਵਚਨਵੱਧ ਰਹੇਗਾ।