ਜੀਆਈਐਮਟੀ ਕਾਲਜ ਬੁਢਲਾਡਾ ਵਿਖੇ ਵਿਦਿਆਰਥੀਆਂ ਨੇ ਮਨਾਇਆ ਅਧਿਆਪਕ ਦਿਵਸ ਜੀਆਈਐਮਟੀ ਕਾਲਜ ਬੁਢਲਾਡਾ ਜੀਆਈਐਮਟੀ ਕਾਲਜ ਬੁਢਲਾਡਾ
Publish Date: Sat, 05 Sep 2026 04:56 PM (IST)
Updated Date: Sat, 05 Sep 2026 04:58 PM (IST)
ਕਵਿਤਾਵਾਂ, ਸ਼ੇਰੋ-ਸ਼ਾਇਰੀ ਤੇ ਕਹਾਣੀਆਂ ਰਾਹੀਂ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਕੀਤਾ ਸਤਿਕਾਰ ਦਾ ਪ੍ਰਗਟਾਵਾ ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਜੀਆਈਐਮਟੀ ਕਾਲਜ ਬੁਢਲਾਡਾ ਵਿਖੇ 5 ਸਤੰਬਰ ਨੂੰ ਅਧਿਆਪਕ ਦਿਵਸ ਬੜੇ ਉਤਸ਼ਾਹ, ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਅੰਦਾਜ਼ਾਂ ਰਾਹੀਂ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਨੇ ਕਵਿਤਾਵਾਂ, ਸ਼ੇਰੋ-ਸ਼ਾਇਰੀ ਅਤੇ ਪ੍ਰੇਰਨਾਦਾਇਕ ਕਹਾਣੀਆਂ ਰਾਹੀਂ ਅਧਿਆਪਕਾਂ ਦੀ ਜ਼ਿੰਦਗੀ ਵਿੱਚ ਮਹੱਤਤਾ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਪਾਏ ਜਾਂਦੇ ਯੋਗਦਾਨ ਨੂੰ ਉਜਾਗਰ ਕੀਤਾ। ਇਸ ਦੌਰਾਨ ਸਮੁੱਚਾ ਮਾਹੌਲ ਭਾਵਨਾਤਮਕ ਅਤੇ ਖੁਸ਼ਗਵਾਰ ਬਣਿਆ ਰਿਹਾ। ਇਸ ਮੌਕੇ ਕੇਕ ਕਟਿੰਗ ਵੀ ਕੀਤੀ ਗਈ ਅਤੇ ਕਾਲਜ ਦੇ ਸਮੂਹ ਅਧਿਆਪਕਾਂ ਨੂੰ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਤੋਹਫ਼ੇ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਦਿਖਾਇਆ ਗਿਆ ਪਿਆਰ ਅਤੇ ਸਤਿਕਾਰ ਪ੍ਰੋਗਰਾਮ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਨੌਂਹ-ਮਾਸ ਦਾ ਰਿਸ਼ਤਾ ਹੁੰਦਾ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ, ਉਸ ਦੇ ਚਰਿੱਤਰ ਨਿਰਮਾਣ ਅਤੇ ਉਸ ਨੂੰ ਕਾਮਯਾਬ ਇਨਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ, “ਜਿਸ ਜਗ੍ਹਾ ’ਤੇ ਤੁਸੀਂ ਅੱਜ ਬੈਠੇ ਹੋ, ਅਸੀਂ ਵੀ ਕਦੇ ਉਸੇ ਜਗ੍ਹਾ ਤੋਂ ਉੱਠ ਕੇ ਆਏ ਹਾਂ।” ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਵਿੱਚ ਅੱਗੇ ਵਧਣ ਅਤੇ ਉੱਚੀਆਂ ਬੁਲੰਦੀਆਂ ਨੂੰ ਛੂਹਣ ਦੀ ਸਮਰੱਥਾ ਹੁੰਦੀ ਹੈ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰਨ, ਤਾਂ ਜੋ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਿਰ ਮਾਣ ਨਾਲ ਉੱਚਾ ਹੋਵੇ। ਅੰਤ ’ਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਵੱਲੋਂ ਗਰੁੱਪ ਫੋਟੋ ਵੀ ਕਰਵਾਈ ਗਈ ਅਤੇ ਇਸ ਯਾਦਗਾਰ ਪਲ ਨੂੰ ਕੈਮਰੇ ’ਚ ਕੈਦ ਕੀਤਾ ਗਿਆ। ਇਹ ਸਮੁੱਚਾ ਅਧਿਆਪਕ ਦਿਵਸ ਸਮਾਗਮ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਤੇ ਪ੍ਰਿੰਸੀਪਲ ਡਾ. ਰੇਖਾ ਦੀ ਰਹਿਨੁਮਾਈ ਹੇਠ ਬੜੇ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਵਿਦਿਆਰਥੀਆਂ ਨੇ ਅਧਿਆਪਕ ਦਿਵਸ ਨੂੰ ਆਪਣੇ ਅਧਿਆਪਕਾਂ ਪ੍ਰਤੀ ਪਿਆਰ, ਸਤਿਕਾਰ ਤੇ ਧੰਨਵਾਦ ਪ੍ਰਗਟ ਕਰਨ ਦਾ ਯਾਦਗਾਰ ਮੌਕਾ ਬਣਾਇਆ।