ਸੁਧਾਈ ਤੇ ਅਧੂਰੇ ਫਾਰਮਾਂ ਦੇ ਨਾਂ 'ਤੇ ਲੇਟ ਫ਼ੀਸ ਲਗਾਉਣਾ ਗਲਤ : ਡੀਟੀਐੱਫ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪੰਜਾਬ
Publish Date: Fri, 06 Nov 2026 07:03 PM (IST)
Updated Date: Fri, 06 Nov 2026 07:05 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਉਸ ਤਾਜ਼ਾ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ/ਪ੍ਰੀਖਿਆਰਥੀਆਂ ਤੇ 1000 ਰੁਪਏ ਦੀ ਲੇਟ ਫੀਸ ਆਇਦ ਕੀਤੀ ਗਈ ਹੈ, ਜਿਨ੍ਹਾਂ ਦੇ ਫ਼ਾਰਮ ਵਿੱਚ ਕੋਈ ਤਰੁੱਟੀ ਜਿਵੇਂਕਿ ਰਜਿਸਟ੍ਰੇਸ਼ਨ ਨੰਬਰ ਗੁੰਮ ਹੋਣਾ ਜਾਂ ਹੋਰ ਸੋਧ ਕਰਨੀ ਰਹਿ ਗਈ ਡੀਟੀਐੱਫ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਤੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਡੀਟੀਐੱਫ਼ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਤੇ ਹਰਜਿੰਦਰ ਅਨੂਪਗੜ੍ਹ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੋਰਡ ਦਾ ਇਹ ਫੈਸਲਾ ਸਰਾਸਰ ਗੈਰ-ਵਾਜਬ ਤੇ ਵਿਦਿਆਰਥੀ/ਅਧਿਆਪਕ ਵਿਰੋਧੀ ਹੈ। ਅਕਸਰ ਤਕਨੀਕੀ ਖਾਮੀਆਂ, ਪੋਰਟਲ ਦੀਆਂ ਸਮੱਸਿਆਵਾਂ ਜਾਂ ਕਲੈਰੀਕਲ ਭੁੱਲਾਂ ਕਾਰਨ ਫਾਰਮਾਂ ਵਿੱਚ ਛੋਟੀਆਂ-ਮੋਟੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ਬਦਲੇ 1000 ਰੁਪਏ ਵਰਗੀ ਵੱਡੀ ਰਕਮ ਵਸੂਲਣਾ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੇ ਵਾਧੂ ਆਰਥਿਕ ਬੋਝ ਪਾਉਣਾ ਹੈ। ਡੀਟੀਐੱਫ਼ ਦੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ, ਮੀਤ ਪ੍ਰਧਾਨ ਨਵੀਨ ਗੋਇਲ ਬੋਹਾ, ਗੁਰਬਚਨ ਹੀਰੇਵਾਲਾ, ਗੁਰਪ੍ਰੀਤ ਭੀਖੀ ਨੇ ਬੋਰਡ ਪ੍ਰਸ਼ਾਸਨ ਤੇ ਦੋਸ਼ ਲਾਇਆ ਕਿ ਸਿੱਖਿਆ ਬੋਰਡ ਆਪਣੀਆਂ ਪ੍ਰਸ਼ਾਸਕੀ ਤੇ ਤਕਨੀਕੀ ਨਾਕਾਮੀਆਂ ਦਾ ਹਰਜਾਨਾ ਵਿਦਿਆਰਥੀਆਂ ਤੇ ਸਕੂਲ ਸਟਾਫ਼ ਤੋਂ ਵਸੂਲਣਾ ਚਾਹੁੰਦਾ ਹੈ। ਆਰਥਿਕ ਤੌਰ ਤੇ ਕਮਜ਼ੋਰ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਇਹ ਫੀਸ ਭਰਨਾ ਬਹੁਤ ਔਖਾ ਹੈ। ਜਥੇਬੰਦੀ ਦੇ ਆਗੂਆਂ ਨਿਧਾਨ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਬੋੜਾਵਾਲ, ਹਰਫੂਲ ਸਿੰਘ, ਰਾਜਿੰਦਰਪਾਲ ਨੇ ਮੰਗ ਕੀਤੀ ਕਿ ਪ੍ਰੀਖਿਆ ਫਾਰਮਾਂ ਦੀ ਸੁਧਾਈ ਤੇ ਰਜਿਸਟ੍ਰੇਸ਼ਨ ਨੰਬਰ ਨਾਲ ਸਬੰਧਤ ਸੁਧਾਰਾਂ ਲਈ ਲਗਾਈ ਗਈ 1000 ਰੁਪਏ ਦੀ ਲੇਟ ਫੀਸ ਤੁਰੰਤ ਵਾਪਸ ਲਈ ਜਾਵੇ, ਫਾਰਮਾਂ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਪੋਰਟਲ ਨੂੰ ਬਿਨਾਂ ਕਿਸੇ ਜੁਰਮਾਨੇ/ਲੇਟ ਫੀਸ ਦੇ ਮੁਫ਼ਤ ਸੁਵਿਧਾ ਵਜੋਂ ਖੋਲ੍ਹਿਆ ਜਾਵੇ, ਭਵਿੱਖ ਵਿੱਚ ਅਜਿਹੇ ਗੈਰ-ਵਾਜਬ ਫੈਸਲੇ ਲੈਣ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬੋਰਡ ਪ੍ਰਸ਼ਾਸਨ ਨੇ ਇਹ ਨਾਦਰਸ਼ਾਹੀ ਫੈਸਲਾ ਤੁਰੰਤ ਵਾਪਸ ਨਾ ਲਿਆ, ਤਾਂ ਜਥੇਬੰਦੀ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਹਿੱਤਾਂ ਦੀ ਰਾਖੀ ਲਈ ਬੋਰਡ ਦਫ਼ਤਰ ਸਾਹਮਣੇ ਤਿੱਖਾ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਬੋਰਡ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਦਮਨਜੀਤ ਸਿੰਘ, ਮਨਦੀਪ ਕੋਟਲੀ, ਸਿਕੰਦਰ ਕੋਟਲੀ, ਕੁਲਦੀਪ ਅੱਕਾਵਾਲੀ, ਜਰਨੈਲ ਬੋਹਾ, ਸੰਦੀਪ ਚਹਿਲ ਉੱਡਤ, ਗੁਰਮੇਲ ਸਿੰਘ ਬੋਹਾ, ਅਜੈ ਕੁਮਾਰ ਬੋਹਾ, ਪਰਸ਼ੋਤਮ ਜੰਡੂ, ਕੁਲਜੀਤ ਪਾਠਕ, ਬਰਨਾਲਾ, ਚਰਨਪਾਲ ਸਿੰਘ, ਜਸਵਿੰਦਰ ਹਾਕਮਵਾਲਾ, ਨਰੰਜਣ ਮਾਨਸਾ, ਬਲਕਾਰ ਸਿੰਘ, ਰਾਜਿੰਦਰ ਸਿੰਘ ਐਚ ਟੀ, ਸੁਖਚੈਨ ਸੇਖੋਂ, ਮੱਘਰ ਸਿੰਘ, ਜਸਪਰੀਤ ਘੁਰਕਣੀ, ਜਗਪਾਲ ਸਿੰਘ, ਅਰਵਿੰਦਰ ਸਿੰਘ, ਅਮਨਦੀਪ ਕੌਰ, ਬੇਅੰਤ ਕੌਰ, ਖੁਸ਼ਵਿੰਦਰ ਕੌਰ , ਅਮਰਪ੍ਰੀਤ ਕੌਰ, ਨਿਰਲੇਪ ਕੌਰ, ਮਨਵੀਰ ਕੌਰ, ਗੁਰਜੀਤ ਮਾਨਸਾ, ਅਮਰਜੀਤ ਸਿੰਘ, ਸੁਖਵਿੰਦਰ ਗਾਮੀਵਾਲਾ, ਜਸਵਿੰਦਰ ਕਾਮਰੇਡ, ਹਰਵਿੰਦਰ ਸਮਾਓ, ਮਨਦੀਪ ਕੁਮਾਰ, ਕੁਲਵਿੰਦਰ ਦਲੇਲਵਾਲਾ, ਬਲਜਿੰਦਰ ਦਲੇਲਵਾਲਾ, ਧਰਮ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।