- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦੂਲਗੜ੍ਹ ਸ਼ਹਿਰ ਵਿੱਚ ਲਗਾਤਾਰ ਅਵਾਰਾ ਢੱਠਿਆਂ

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਰਦੂਲਗੜ੍ਹ ਸ਼ਹਿਰ ਵਿੱਚ ਲਗਾਤਾਰ ਅਵਾਰਾ ਢੱਠਿਆਂ ਦੀ ਵੱਧਦੀ ਗਿਣਤੀ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਕਾਲ ਬਣਕੇ ਘੁੰਮਦੇ ਅਵਾਰਾ ਪਸ਼ੂ ਰੋਜ਼ਾਨਾ ਕਿਸੇ ਨਾ ਕਿਸੇ ਦੀ ਬਲੀ ਲੈ ਰਹੇ ਹਨ। ਅਵਾਰਾ ਘੁੰਮਦੇ ਇਹ ਢੱਠੇ ਸੜਕ ਤੇ ਚੱਲਦੇ ਮੋਟਰਸਾਈਕਲ, ਕਾਰਾਂ, ਜੀਪਾਂ ਅਤੇ ਹੋਰ ਵਾਹਨਾਂ ਨਾਲ ਟਕਰਾ ਕੇ ਜਾਨੀ ਅਤੇ ਮਾਲੀ ਨੁਕਸਾਨ ਦਾ ਕਾਰਨ ਬਣਦੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਭ ਤੋਂ ਦੁਖੀ ਸ਼ਹਿਰ ਵਾਸੀਆਂ ਦੇ ਦੱਸਣ ਅਨੁਸਾਰ ਬੀਤੇ ਸਾਲਾਂ ਦੌਰਾਨ ਕਈ ਨੌਜਵਾਨ ਅਵਾਰਾ ਢੱਠਿਆਂ ਨਾਲ ਵਾਪਰੇ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਅਜਿਹੇ ਪਰਿਵਾਰ ਅੱਜ ਵੀ ਆਪਣੇ ਪਿਆਰਿਆਂ ਨੂੰ ਯਾਦ ਕਰਕੇ ਦੁੱਖ ਸਹਿ ਰਹੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਪੱਕਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇਕਰ ਹਾਲੀਆ ਘਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਦੋ ਦਿਨ ਪਹਿਲਾਂ ਲੜ ਰਹੇ ਢੱਠਿਆਂ ਕਾਰਨ ਇੱਕ ਕਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।
ਇਸ ਤੋਂ ਇਲਾਵਾ ਬੀਤੀ ਰਾਤ ਸਰਦੂਲਗੜ੍ਹ ਦਾ ਇੱਕ ਵਿਅਕਤੀ ਢੱਠੇ ਨਾਲ ਟਕਰਾ ਜਾਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਦਿਖਾਈ ਦੇ ਰਿਹਾ। ਭਾਵੇਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਸਰਕਾਰੀ ਗਊਸ਼ਾਲਾਵਾਂ ਵਿੱਚ ਰੱਖਿਆ ਜਾਵੇਗਾ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਸਬੰਧੀ ਸਮਾਜ ਸੇਵੀ ਬਿਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਰੋਜ਼ਾਨਾ ਲੱਖਾਂ ਰੁਪਏ ਦਾ ਕਾਉਸੈਸ ਇਕੱਠਾ ਕੀਤਾ ਜਾ ਰਿਹਾ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ।
ਇਨ੍ਹਾਂ ਪਸ਼ੂਆਂ ਦਾ ਕੋਈ ਠੋਸ ਪ੍ਰਬੰਧ ਨਾ ਕਰਨਾ ਪ੍ਰਸ਼ਾਸਨ ਦੀ ਨਾਕਾਮੀ ਹੈ। ਪਿਛਲੇ ਸਾਲ ਕੁਝ ਨੌਜਵਾਨਾਂ ਨੇ ਇਸ ਮਸਲੇ ਨੂੰ ਲੈ ਕੇ ਘੱਗਰ ਪੁਲ 'ਤੇ ਧਰਨਾ ਦਿੱਤਾ ਸੀ ਅਤੇ ਸਰਦੂਲਗੜ੍ਹ ਵਿੱਚ ਨੰਦੀਸ਼ਾਲਾ ਬਣਾਉਣ ਦੀ ਮੰਗ ਕੀਤੀ ਸੀ। ਉਸ ਸਮੇਂ ਪ੍ਰਸ਼ਾਸਨ ਵੱਲੋਂ ਨੰਦੀਸ਼ਾਲਾ ਜਲਦੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਇਸ ਲਈ ਜਗ੍ਹਾ ਦੀ ਚੋਣ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਨੰਦੀਸ਼ਾਲਾ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਕੋਈ ਪੁਖਤਾ ਪ੍ਰਬੰਧ ਕਰਕੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਤੋਂ ਨਿਜਾਤ ਦਿਵਾਈ ਜਾਵੇ। ਸਰਦੂਲਗੜ੍ਹ ਵਿੱਚ ਜਲਦੀ ਤੋਂ ਜਲਦੀ ਪ੍ਰਸ਼ਾਸਨ ਵੱਲੋਂ ਵੱਖਰੀ ਨੰਦੀਸ਼ਾਲਾ ਸਥਾਪਤ ਕੀਤੀ ਜਾਵੇ> ਜਦੋਂ ਤੱਕ ਨੰਦੀਸ਼ਾਲਾ ਨਹੀਂ ਬਣਦੀ, ਉਦੋਂ ਤੱਕ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਮੌਜੂਦਾ ਗਊਸ਼ਾਲਾਵਾਂ ਜਾਂ ਹੋਰ ਸੁਰੱਖਿਅਤ ਥਾਵਾਂ 'ਤੇ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ, ਤਾਂ ਜੋ ਰੋਜ਼ਾਨਾ ਵਾਪਰ ਰਹੇ ਹਾਦਸਿਆਂ 'ਤੇ ਰੋਕ ਲੱਗ ਸਕੇ ਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।