ਹਨ੍ਹੇਰੀ ਬਣੀ ਆਫ਼ਤ, ਪਲਾਂ ’ਚ ਢਹਿ ਗਿਆ ਡੇਅਰੀ ਫ਼ਾਰਮ
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਆਈ
Publish Date: Thu, 04 Jun 2026 05:57 PM (IST)
Updated Date: Fri, 05 Jun 2026 03:33 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿਚ ਆਈ ਤੇਜ਼ ਹਨ੍ਹੇਰੀ ਅਤੇ ਖ਼ਰਾਬ ਮੌਸਮ ਨੇ ਇਕ ਕਿਸਾਨ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ। ਪਿੰਡ ਦੇ ਕਿਸਾਨ ਜਸਵੰਤ ਸਿੰਘ ਬਬਲਾ ਦਾ ਡੇਅਰੀ ਫ਼ਾਰਮ ਤੇਜ਼ ਹਵਾਵਾਂ ਦੀ ਲਪੇਟ ਵਿਚ ਆ ਕੇ ਪਲਾਂ ਵਿਚ ਢਹਿ ਗਿਆ। ਇਸ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ੍ਹੀਂ ਆਈ ਤੇਜ਼ ਹਨੇਰੀ ਦੌਰਾਨ ਡੇਅਰੀ ਫ਼ਾਰਮ ਦੀ ਛੱਤ ਅਤੇ ਹੋਰ ਢਾਂਚਾ ਅਚਾਨਕ ਡਿੱਗ ਗਿਆ। ਇਸ ਘਟਨਾ ਕਾਰਨ ਫ਼ਾਰਮ ਦੇ ਅੰਦਰ ਰੱਖਿਆ ਸਮਾਨ ਵੀ ਨੁਕਸਾਨਿਆ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਿਸਾਨ ਦੇ ਰੋਜ਼ਗਾਰ ਦਾ ਮੁੱਖ ਸਾਧਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਬਲਜੀਤ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਸਵੰਤ ਸਿੰਘ ਬਬਲਾ ਇਕ ਗਰੀਬ ਅਤੇ ਮਿਹਨਤੀ ਕਿਸਾਨ ਹੈ, ਜੋ ਡੇਅਰੀ ਫ਼ਾਰਮ ਦੇ ਕਾਰੋਬਾਰ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਡੇਅਰੀ ਫ਼ਾਰਮ ਦੇ ਢਹਿ ਜਾਣ ਨਾਲ ਪਰਿਵਾਰ ਦੀ ਆਰਥਿਕ ਹਾਲਤ 'ਤੇ ਗੰਭੀਰ ਅਸਰ ਪਿਆ ਹੈ ਅਤੇ ਹੁਣ ਪਰਿਵਾਰ ਲਈ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ ਮੌਸਮੀ ਆਫ਼ਤਾਂ ਕਾਰਨ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਕਦੇ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਕਦੇ ਕਿਸਾਨਾਂ ਦੇ ਹੋਰ ਰੋਜ਼ਗਾਰ ਦੇ ਸਾਧਨ ਤਬਾਹ ਹੋ ਜਾਂਦੇ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਡੇਅਰੀ ਫ਼ਾਰਮ ਦੁਆਰਾ ਖੜ੍ਹਾ ਕਰ ਸਕੇ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਲਈ ਕਿਸਾਨ ਪਰਿਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਦਾ ਪਰਿਵਾਰ ਡੇਅਰੀ ਫ਼ਾਰਮ 'ਤੇ ਹੀ ਨਿਰਭਰ ਹੈ ਅਤੇ ਸਰਕਾਰੀ ਸਹਾਇਤਾ ਮਿਲਣ ਨਾਲ ਉਹ ਆਪਣਾ ਰੋਜ਼ਗਾਰ ਮੁੜ ਸ਼ੁਰੂ ਕਰ ਸਕੇਗਾ। ਇਸ ਘਟਨਾ ਨੇ ਇੱਕ ਵਾਰ ਫ਼ਿਰ ਕੁਦਰਤੀ ਆਫ਼ਤਾਂ ਅੱਗੇ ਕਿਸਾਨਾਂ ਦੀ ਬੇਬਸੀ ਨੂੰ ਉਜਾਗਰ ਕਰ ਦਿੱਤਾ ਹੈ।