ਮਾਨਸਾ ਦੇ ਟਿੱਬਿਆਂ 'ਚ ਵਿੱਦਿਆ ਦਾ ਚਾਨਣ ਵੰਡਣਾ ਵੱਡਾ ਕਦਮ : ਗੁਰਪ੍ਰੀਤ ਘੁੱਗੀ
ਦਿ ਰੋਇਲ ਗਰੁੱਪ ਆਫ ਕਾਲਜਿਜ ਬੋੜਾਵਾਲ
Publish Date: Sun, 05 Apr 2026 08:17 PM (IST)
Updated Date: Mon, 06 Apr 2026 04:11 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖੁਰਦ : ਦਿ ਰੋਇਲ ਗਰੁੱਪ ਆਫ਼ ਕਾਲਜਿਜ ਬੋੜਾਵਾਲ ਵਿਖੇ ਚੱਲ ਰਹੇ ਵਿਰਾਸਤੀ ਮੇਲੇ ਦੇ ਅਖ਼ੀਰਲੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਕਾਮੇਡੀਅਨ ਅਤੇ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਡਾ. ਸਰਬਜੀਤ ਕੌਰ ਸੋਹਲ ਅਤੇ ਡਾ. ਰਾਜਿੰਦਰ ਸਿੰਘ ਸੋਹਲ ਵੱਲੋਂ ਜ਼ਿਲ੍ਹਾ ਮਾਨਸਾ ਦੀ ਕਦੇ ਟਿੱਬਿਆਂ ਦੀ ਧਰਤੀ ਮੰਨੀ ਜਾਂਦੀ ਸਰ ਜ਼ਮੀਨ 'ਤੇ ਵਿਦਿਆ ਦਾ ਚਾਨਣ ਵੰਡਣਾ ਬਹੁਤ ਹੀ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਥਾਪਿਤ ਲੋਕ ਵੱਡੇ ਸ਼ਹਿਰਾਂ ਵੱਲ ਵਿੱਦਿਅਕ ਸੰਸਥਾਵਾਂ ਖੋਲ੍ਹਣ ਲਈ ਤਰਲੋਮੱਛੀ ਹੋ ਰਹੇ ਹਨ। ਪਰ ਡਾਕਟਰ ਸੋਹਲ ਦੀ ਟੀਮ ਵੱਲੋਂ ਆਪਣੇ ਇਲਾਕੇ ਨੂੰ ਇੱਕ ਬਹੁਤ ਵੱਡੀ ਵਿਦਿਅਕ ਸੰਸਥਾ ਦੇ ਕੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਉਹ ਸੰਦਲੀ ਪੈੜਾਂ ਦੇ ਸਮਾਗਮ ਦੀ ਸ਼ੂਟਿੰਗ ਕਰਨ ਲਈ ਮਾਨਸਾ ਜ਼ਿਲ੍ਹੇ ਵਿੱਚ ਆਏ ਸਨ ਤਾਂ ਉਸ ਵਕਤ ਇੱਥੇ ਟਿੱਬੇ ਹੀ ਟਿੱਬੇ ਸਨ ਪਰ ਅੱਜ ਲਹਿ ਲਹਾਉਂਦੀਆਂ ਫ਼ਸਲਾਂ ਦੇਖ ਕੇ ਅਤੇ ਵਿਦਿਅਕ ਸੰਸਥਾਵਾਂ ਦੀ ਬਹੁਤਾਤ ਦੇਖ ਕੇ ਉਨ੍ਹਾਂ ਦਾ ਮਨ ਖਿੜ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਇੱਥੋਂ ਦੇ ਵਿਦਿਆਰਥੀ ਬਹੁਤ ਵੱਡੀਆਂ ਪ੍ਰਾਪਤੀਆਂ ਕਰਕੇ ਦੇਸ਼ ਭਰ ਵਿੱਚ ਆਪਣੇ ਜ਼ਿਲ੍ਹੇ ਮਾਨਸਾ ਅਤੇ ਪੰਜਾਬ ਦਾ ਨਾਂ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਕਲਾਕਾਰ ਸਿੱਧੂ ਮੂਸੇਵਾਲਾ ਪੈਦਾ ਕਰਨ ਦਾ ਵੀ ਮਾਣ ਪ੍ਰਾਪਤ ਹੈ ਤੇ ਅਨੇਕਾਂ ਹੋਰ ਸਖ਼ਸ਼ੀਅਤਾਂ ਨੇ ਜ਼ਿਲ੍ਹੇ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੀ ਪਿੰਡ ਧਲੇਵਾਂ ਦੀ ਧੀ ਮਨਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਪਰਿਵਾਰ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਤੇ ਕਿਹਾ ਕਿ ਮਿਹਨਤੀ ਧੀਆਂ ਹਮੇਸ਼ਾ ਮਾਪਿਆਂ ਦਾ ਨਾਂ ਰੌਸ਼ਨ ਕਰਨ ਦੀ ਤਾਂਘ ਵਿੱਚ ਰਹਿੰਦੀਆਂ ਹਨ। ਇਸ ਮੌਕੇ ਰੋਇਲ ਗਰੁੱਪ ਆਫ ਕਾਲਜਿਜ ਦੇ ਚੇਅਰਮੈਨ ਏਕਮ ਸਿੰਘ ਸੋਹਲ, ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ, ਡਾ. ਰਾਜਿੰਦਰ ਸਿੰਘ ਸੋਹਲ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ, ਅੰਤਰਰਾਸ਼ਟਰੀ ਕਿਸ਼ਤੀ ਚਾਲਕ ਸੁਖਮੀਤ ਸਿੰਘ ਸਮਾਘ, ਲੈਕਚਰਾਰ ਮੱਖਣ ਸਿੰਘ ਆਦਿ ਹਾਜ਼ਰ ਸਨ।