ਐੱਮਬੀ ਇੰਟਰਨੈਸਲ ਤੇ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਬਾਲ ਅਧਿਕਾਰ ਤੇ ਸੁਰੱਖਿਆ ਸਬੰਧੀ ਵਿਸ਼ੇਸ਼ ਸੈਮੀਨਾਰ ਮਾਈ ਭਾਗੋ ਸੰਸਥਾ ਰੱਲਾ ਵੱਲੋਂ ਬੱਚਿਆਂ ਦੇ ਅਧਿਕਾਰਾਂ
Publish Date: Wed, 04 Nov 2026 04:58 PM (IST)
Updated Date: Wed, 04 Nov 2026 04:59 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਈ ਭਾਗੋ ਸੰਸਥਾ ਰੱਲਾ ਵੱਲੋਂ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਤੇ ਕਾਨੂੰਨੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਐਮਬੀ ਇੰਟਰਨੈਸ਼ਨਲ ਸਕੂਲ ਤੇ ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪ੍ਰਿੰਸੀਪਲ ਸਵਿਤਾ ਕਾਠ ਦੀ ਰਹਿਨੁਮਾਈ ਹੇਠ ਪੋਕਸੋ ਐਕਟ ਸਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਰਜਿੰਦਰਪਾਲ ਕੌਰ ਢਿੱਲੋਂ, ਜ਼ਿਲ੍ਹਾ ਅਦਾਲਤ ਮਾਨਸਾ ਤੇ ਐਡਵੋਕੇਟ ਦਵਿੰਦਰ ਕੌਰ ਚਾਹਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੋਕਸੋ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨੂੰਨ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੇ ਅਜਿਹੇ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ, ਨਿੱਜੀ ਸੁਰੱਖਿਆ ਨੂੰ ਮਹੱਤਵ ਦੇਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਗਲਤ ਵਿਵਹਾਰ ਦੀ ਸਥਿਤੀ ਵਿਚ ਬਿਨ੍ਹਾਂ ਕਿਸੇ ਡਰ ਦੇ ਮਾਪਿਆਂ, ਅਧਿਆਪਕਾਂ ਜਾਂ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਿੱਜੀ ਸੁਰੱਖਿਆ, ਆਨਲਾਈਨ ਸੁਰੱਖਿਆ, ਸਾਈਬਰ ਖਤਰਿਆਂ ਤੋਂ ਬਚਾਅ, ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਦੀ ਸੁਰੱਖਿਆ ਤੇ ਭਲਾਈ ਲਈ ਉਪਲਬਧ ਕਾਨੂੰਨੀ ਸਹਾਇਤਾ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਟੋਲ ਫ੍ਰੀ ਹੈਲਪਲਾਈਨ-1098 ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਜਾਗਰੂਕਤਾ, ਸੁਰੱਖਿਆ ਤੇ ਸੰਭਾਲ – ਹਰ ਬੱਚੇ ਦਾ ਅਧਿਕਾਰ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣਾ ਤੇ ਇਹ ਭਾਵਨਾ ਪੈਦਾ ਕਰਨਾ ਸੀ ਕਿ ਹਰ ਬੱਚੇ ਦਾ ਬਚਪਨ, ਹਮ ਸਭ ਕੀ ਜ਼ਿੰਮੇਵਾਰੀ ਹੈ। ਬੁਲਾਰਿਆਂ ਨੇ ਕਿਹਾ ਕਿ ਬੱਚਿਆਂ ਲਈ ਸੁਰੱਖਿਅਤ ਤੇ ਭੈਅ-ਮੁਕਤ ਵਾਤਾਵਰਨ ਸਿਰਜਣਾ ਸਮਾਜ ਦੇ ਹਰੇਕ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਸਮਾਜਿਕ ਚੇਤਨਾ ਲਈ ਅਜਿਹੇ ਬਿਹਤਰੀਨ ਪ੍ਰੋਗਰਾਮ ਉਲੀਕਣ ਦੀ ਵਚਨਬੱਧਤਾ ਪ੍ਰਗਟ ਕੀਤੀ।