ਭਰਾ ਦਾ ਵਿਆਹ ਛੱਡਿਆ ਤੇ ਸੋਸ਼ਲ ਮੀਡੀਆ ਤੋਂ ਦੂਰੀ... ਪੰਜਾਬ ਦੀ ਧੀ ਦਾ ਹਰਿਆਣਾ ਸਿਵਲ ਸੇਵਾਵਾਂ 'ਚ ਪਰਚਮ, ਕੌਣ ਹੈ HPSC ਦੀ 4ਥੀ ਟੌਪਰ ਕ੍ਰੀਮੀ ਗਰਗ?
ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਤੋਂ ਹੀ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕ੍ਰੀਮੀ ਗਰਗ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਵਧਾਈ ਦਿੱਤੀ ਗਈ। ਕ੍ਰੀਮੀ ਗਰਗ ਹੁਣ ਹਰਿਆਣਾ ਵਿੱਚ ਬਤੌਰ SDM ਆਪਣੀਆਂ ਸੇਵਾਵਾਂ ਦੇਵੇਗੀ, ਜਦਕਿ ਉਸ ਦਾ ਟੀਚਾ IAS ਅਫ਼ਸਰ ਬਣਨਾ ਹੈ।
Publish Date: Sun, 11 Oct 2026 12:35 PM (IST)
Updated Date: Sun, 11 Oct 2026 12:38 PM (IST)
ਪਰਵਿੰਦਰ ਬਰਾੜ, ਮਾਨਸਾ। ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਸ਼ਹਿਰ ਦੀ ਪ੍ਰਤਿਭਾਸ਼ਾਲੀ ਧੀ ਕ੍ਰੀਮੀ ਗਰਗ ਨੇ ਸੂਬੇ ’ਚ ਚੌਥਾ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਕ੍ਰੀਮੀ ਗਰਗ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਵਿੱਚ ਟੌਪ 10 ਵਿੱਚ ਸ਼ਾਮਲ ਹੋਣ ਵਾਲੀਆਂ ਛੇ ਮਹਿਲਾ ਉਮੀਦਵਾਰਾਂ ਵਿੱਚੋਂ ਇੱਕ ਹੈ।
ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਤੋਂ ਹੀ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਕ੍ਰੀਮੀ ਗਰਗ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਵਧਾਈ ਦਿੱਤੀ ਗਈ। ਕ੍ਰੀਮੀ ਗਰਗ ਹੁਣ ਹਰਿਆਣਾ ਵਿੱਚ ਬਤੌਰ SDM ਆਪਣੀਆਂ ਸੇਵਾਵਾਂ ਦੇਵੇਗੀ, ਜਦਕਿ ਉਸ ਦਾ ਟੀਚਾ IAS ਅਫ਼ਸਰ ਬਣਨਾ ਹੈ।
ਕ੍ਰੀਮੀ ਨੇ ਦੱਸਿਆ ਕਿ ਉਸ ਨੇ ਹਰਿਆਣਾ ਸਿਵਲ ਪ੍ਰੀਖਿਆ ਲਈ ਤਿੰਨ ਸਾਲਾਂ ਤੋਂ ਲਗਾਤਾਰ ਰੋਜ਼ਾਨਾ ਛੇ ਤੋਂ ਸੱਤ ਘੰਟੇ ਕਰੜੀ ਮਿਹਨਤ ਕੀਤੀ ਹੈ। ਕ੍ਰੀਮੀ ਦੀ ਮੁਢਲੀ ਸਿੱਖਿਆ ਸ਼ਹਿਰ ਦੇ ਡੀ.ਏ.ਵੀ. (DAV) ਸਕੂਲ ਤੋਂ ਸ਼ੁਰੂ ਹੋਈ ਸੀ।
ਇੰਟਰਨੈੱਟ ਮੀਡੀਆ ਤੋਂ ਦੂਰ ਰਹਿੰਦਿਆਂ ਪ੍ਰੀਖਿਆ 'ਤੇ ਦਿੱਤਾ ਧਿਆਨ
ਉਸਨੇ ਚੰਡੀਗੜ੍ਹ ਦੇ ਐਸਡੀ ਕਾਲਜ ਤੋਂ ਪਲੱਸ ਟੂ ਦੀ ਪੜ੍ਹਾਈ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਅਰਥ ਸ਼ਾਸਤਰ ਵਿੱਚ ਬੀਏ ਕਰਨ ਤੋਂ ਬਾਅਦ, ਉਸਨੇ ਇੰਟਰਨੈੱਟ ਅਤੇ ਮੀਡੀਆ ਤੋਂ ਦੂਰ, ਆਪਣੇ ਘਰ ਤੋਂ ਹੀ ਹਰਿਆਣਾ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕੀਤੀ। ਕ੍ਰੀਮੀ ਗਰਗ ਕਹਿੰਦੀ ਹੈ ਕਿ ਇੱਕ ਅਧਿਕਾਰੀ ਵਜੋਂ ਉਸਦਾ ਮੁੱਖ ਟੀਚਾ ਨਿਰਪੱਖਤਾ ਨਾਲ ਲੋਕਾਂ ਦੀ ਸੇਵਾ ਕਰਨਾ ਹੋਵੇਗਾ।
ਸ਼ਹਿਰ ਦੇ ਵਾਰਡ ਨੰਬਰ 10 ਦੇ ਸ਼ਕਤੀ ਨਗਰ ਨਿਵਾਸੀ ਕ੍ਰੀਮੀ ਗਰਗ ਦੇ ਕਾਰੋਬਾਰੀ ਪਿਤਾ ਰਾਜ ਕੁਮਾਰ ਅਤੇ ਘਰੇਲੂ ਔਰਤ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਕ੍ਰੀਮੀ ਤੋਂ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦੀ ਪੜ੍ਹਾਈ ਕਰਦਿਆਂ ਕੋਈ ਕੰਮ ਲੈਣ ਦੀ ਬਜਾਏ ਉਸ ਨੂੰ ਟੇਬਲ 'ਤੇ ਹੀ ਸਭ ਕੁਝ ਮੁਹੱਈਆ ਕਰਵਾਇਆ ਜਾਂਦਾ ਸੀ ਅਤੇ ਆਪਣੀ ਪੜ੍ਹਾਈ ਵਿੱਚ ਗੂੜ੍ਹੀ ਦਿਲਚਸਪੀ ਕਾਰਨ ਕ੍ਰੀਮੀ ਨੇ ਆਪਣੇ ਭਰਾ ਦੇ ਵਿਆਹ ਦਾ ਸਮਾਗਮ ਵੀ ਸਿਰਫ਼ ਇੱਕ ਦਿਨ ਹੀ ਅਟੈਂਡ ਕੀਤਾ।
ਉਨ੍ਹਾਂ ਦੱਸਿਆ ਕਿ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦਾ ਨਤੀਜਾ 8 ਅਕਤੂਬਰ ਨੂੰ ਇੰਟਰਨੈੱਟ 'ਤੇ ਐਲਾਨੇ ਜਾਣ ਸਮੇਂ ਕ੍ਰੀਮੀ ਜਿਮ ਗਈ ਹੋਈ ਸੀ, ਜਿਸ ਨੇ ਘਰ ਪਹੁੰਚ ਕੇ ਇਸ ਖ਼ੁਸ਼ੀ ਨੂੰ ਸਾਂਝਾ ਕੀਤਾ।
ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ, ਦੇ ਰਹੇ ਹਨ ਵਧਾਈਆਂ
ਕ੍ਰੀਮੀ ਦੇ ਚਾਚਾ ਸਮਾਜ-ਸੇਵੀ ਸੁਰੇਸ਼ ਕਰੋੜੀ ਨੇ ਦੱਸਿਆ ਕਿ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਵਿੱਚ ਰੈਂਕ ਹਾਸਲ ਕਰਨਾ ਕ੍ਰੀਮੀ ਦੀ ਮਿਹਨਤ ਨੂੰ ਸਲਾਮ ਹੈ। ਇਸ ਵੱਕਾਰੀ ਪ੍ਰੀਖਿਆ ਵਿੱਚ ਸਫ਼ਲ ਹੋਣ ਲਈ ਉਸ ਨੇ ਲਗਾਤਾਰ ਰੋਜ਼ਾਨਾ 8 ਤੋਂ 10 ਘੰਟੇ ਪੜ੍ਹਾਈ ਕੀਤੀ ਅਤੇ ਕ੍ਰੀਮੀ ਨੇ ਇਹ ਮੁਕਾਮ ਹਾਸਲ ਕਰਕੇ ਪੂਰੇ ਅਕਲੀਆ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ।
ਕ੍ਰੀਮੀ ਗਰਗ ਦੀ ਇਸ ਕਾਮਯਾਬੀ 'ਤੇ ਵਿਧਾਇਕ ਡਾ. ਵਿਜੇ ਸਿੰਗਲਾ, ਵਾਰਡ ਕੌਂਸਲਰ ਅਤੇ ਨਗਰ ਕੌਂਸਲ ਪ੍ਰਧਾਨ ਭੂਸ਼ਨ ਮੱਤੀ ਨੇ ਕ੍ਰੀਮੀ ਗਰਗ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਬੱਚੇ ਹੀ ਸਮਾਜ ਦੇ ਹੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।